Tuesday, June 16, 2015

ਮਨੁੱਖ ਇੱਕ ਹੈ ,ਪਰ ਪੰਜ ਜੂਨਾਂ ਵਿੱਚੋਂ ਇਸੇ ਜਨਮ ਵਿੱਚ ਹੀ ਲੰਗਦਾ ਹੈ ....|

        ਜਿਆਦਾਤਰ ਕਿਹਾ ਜਾਂਦਾ ਹੈ ਕਿ ਮਨੁੱਖੀ-ਜੀਵਨ ਦੇ ਤਿੰਨ ਪੜਾਵ ਹਨ- ਬਚਪਨ ,ਜਵਾਨੀ ਅਤੇ ਬੁਢਾਪਾ |ਮਨੁੱਖੀ ਜੀਵਨ ਦੀਆਂ ਭਿੰਨ -ਭਿੰਨ ਅਵਸਥਾਵਾਂ ਬਾਰੇ ਅਲਗ-ਅਲਗ ਕਹਾਣੀਆਂ ਅਸੀਂ ਸੁਣੀਆਂ ਹਨ | ਪਰ ਇੱਕ ਚਰਚਾ ਦੋਰਾਨ ਮੇਰੇ ਇੱਕ ਸਾਥੀ ਨੇ ਜੋ ਮਨੁੱੱਖੀ ਜੀਵਨ ਦੀਆਂ ਅਵਸਥਾਵਾਂ ਬਾਰੇ ਜਿਸ ਢੰਗ ਨਾਲ ਸਾਨੂੰ ਦੱਸਿਆ ,ਉਹ ਮੈਨੂੰ ਬਿਲਕੁਲ ਸਹੀ ਲਗਦਾ ਹੈ | ਉਸਦੇ ਵਿਚਾਰ ਅਨੁਸਾਰ ਮਨੁੱਖ ਹਾਲੇ ਤੱਕ ਇਨਸਾਨ ਬਣਿਆ ਹੀ ਨਹੀਂ ਹੈ | ਉਹ ਜਨਮ ਤੋਂ ਲੈ ਕੇ ਮਰਨ ਤੱਕ ਜਾਨਵਰਾਂ ਦੀ ਤਰਾਂ ਹੀ ਜਿਉਂਦਾ ਹੈ ਅਤੇ ਜਾਨਵਰਾ ਦੀ ਤਰਾਂ ਹੀ ਮਰ ਜਾਂਦਾ ਹੈ |ਮਹਾਨ ਦਾਰਸ਼ਨਿਕ ਅਰਸਤੂ ਦੇ ਇਸ ਕਥਨ ਨੂੰ ਅਸੀਂ ਅਕਸਰ ਸਵੀਕਾਰ ਕਰਦੇ ਹਾਂ ਕਿ ਮਨੁੱਖ ਇੱਕ ਸਮਾਜਿਕ ਜਾਨਵਰ ਹੈ |
ਪਹਿਲੀ ਅਵਸਥਾ ( ਤੋਤਾ ) ਮਨੁੱਖ ਦੀ ਪਹਿਲੀ ਅਵਸਥਾ ਇੱਕ ਤੋਤੇ ਦੀ ਤਰਾਂ ਹੈ | ਜਿਸ ਤਰਾਂ ਤੋਤੇ ਹਰ ਵੇਲੇ ਟੈ-ਟੈ ਕਰਦੇ ਰਹਿੰਦੇ ਹਨ | ਇੱਕੋ ਗੱਲ ਨੂੰ ਬਾਰ-ਬਾਰ ਦੁਹਰਾਉਂਦੇ ਹਨ | ਉਸੇ ਤਰਾਂ ਛੋਟੇ ਬੱਚਿਆਂ ਨੂੰ ਵੀ ਗੱਲਾਂ ਸਿਖਾਉਣੀਆਂ ਪੈਂਦੀਆਂ ਹਨ | ਇਸ ਸਮੇਂ ਇੱਕੋ ਗੱਲ ਨੂੰ ਬੱਚੇ ਅਤੇ ਸਿਖਾਉਣ ਵਾਲੇ ਕਈ-ਕਈ ਵਾਰ ਦੁਹਰਾਉਂਦੇ ਹਨ | ਇਸ ਲਈ ਮਨੁੱਖੀ ਜੀਵਨ ਦਾ ਪਹਿਲੇ ਪੜਾਵ ਦਾ ਸਮਾਂ ਤੋਤੇ ਵਾਂਗ ਹੁੰਦਾ ਹੈ |ਦੂਜੀ ਅਵਸਥਾ (ਬਾਂਦਰ) ਦੂਜੀ ਅਵਸਥਾ ਵਿੱਚ ਜਦੋਂ ਬੱਚ੍ਹੇ ਕੁਝ ਵੱਡੇ ਹੋ ਜਾਂਦੇ ਹਨ ਤਾਂ ਉਹਨਾ ਦਾ ਸ਼ਰੀਰਿਕ ਵਿਕਾਸ ਵੀ ਹੁੰਦਾ ਹੈ |ਕੁਦਰਤੀ ਤੋਰ ਤੇ ਉਹਨਾਂ ਨੂੰ ਖੇਡਣਾ ਹੀ ਚੰਗਾ ਲਗਦਾ ਹੈ | ਉਹ ਹਰ ਵੇਲੇ ਟਪੂਸੀਆਂ ਮਾਰਦੇ ਰਹਿੰਦੇ ਹਨ ਅਤੇ ਸ਼ਰਾਰਤਾਂ ਕਰਦੇ ਰਹਿੰਦੇ ਹਨ ਅਤੇ ਮਾਂ-ਬਾਪ ਨੂੰ ਛੋਟੀ-ਛੋਟੀ ਗੱਲ ਵਾਸਤੇ ਤੰਗ ਕਰਦੇ ਹਨ  | ਕੁਝ ਬੱਚੇ ਬਹੁਤ ਸ਼ੈਤਾਨ ਹੁੰਦੇ ਹਨ ਅਤੇ ਵੱਡਿਆਂ ਦੇ ਵੀ ਸਾੰਗ (ਨਕਲਾਂ )ਲਗਾਉਂਦੇ ਹਨ | ਅਜਿਹੇ ਵਿੱਚ ਪਹਾੜਾਂ ਵਿੱਚ ਰਹਿਣ ਵਾਲੇ ਬਾਂਦਰਾਂ ਵੱਲ ਧਿਆਨ ਜਾਂਦਾ ਹੈ ,ਜੋ ਉਥੋਂ ਦੇ ਲੋਕਾਂ ਨੂੰ ਖੂਬ ਤੰਗ ਕਰਦੇ ਹਨ ਅਤੇ ਆਉਂਦੇ ਜਾਂਦੇ ਲੋਕਾਂ ਤੋਂ ਵੀ ਕਈ ਵਾਰੀ ਚੀਜਾਂ ਖੋਹ ਲੈਂਦੇ ਹਨ |ਉੱਚੀ-ਉੱਚੀ ਚੀਖਾਂ ਮਾਰਦੇ ਹਨ ਅਤੇ ਇੱਕ ਤੋ ਦੂਜੇ ਦਰਖਤ ਤੇ ਜਾ ਚੜਦੇ ਹਨ |
ਤੀਸਰੀ ਅਵਸਥਾ (ਘੋੜਾ ) ਜਦੋਂ ਮਨੁੱਖ ਜਵਾਨ ਹੋ ਜਾਂਦਾ ਹੈ ਤਾਂ ਉਸ ਸਮੇਂ ਉਹ ਘੋੜੇ ਦੀ ਅਵਸਥਾ ਵਿੱਚ ਹੁੰਦਾ ਹੈ | ਜਿਵੇਂ ਘੋੜੇ ਆਪਣੇ ਆਪ ਨੂੰ ਬਹੁਤ ਫੁਰਤੀਲਾ ਅਤੇ ਚੁਸਤ ਸਮਝਦੇ ਹਨ, ਰੇਸ ਲੱਗੀ ਹੋਵੇ ਤਾਂ ਇੰਜ ਦੋੜਦੇ ਹਨ ਜਿਵੇਂ ਖੰਭ ਲੱਗੇ ਹੋਣ ਅਤੇ ਇਸ ਦੋਰਾਨ ਉਹ ਕਈ ਵਾਰੀ ਮਾਲਿਕ ਦੀ ਵੀ ਗੱਲ ਨਹੀਂ ਮੰਨਦੇ | ਉਸੇ ਤਰਾਂ ਜਵਾਨੀ ਵਿੱਚ ਮਨੁੱਖ ਨੂੰ ਵੀ ਘੋੜੇ ਵਾਂਗ ਖੰਭ ਲੱਗ ਜਾਂਦੇ ਹਨ | ਉਹ ਸਿਆਣਿਆਂ ਦੀ ਗੱਲ ਨੂੰ ਠੱਠਾ ਸਮਝਦੇ ਹਨ | ਕਈ ਵਾਰ ਮਾਂ-ਬਾਪ ਨਾਲ ਬਹਿਸ ਕਰਨ ਲੱਗ ਜਾਂਦੇ ਹਨ | ਉਹ ਸਮਝਦੇ ਹਨ ਕਿ ਹੁਣ ਉਹ ਸਿਆਣੇ ਹੋ ਗਾਏ ਹਨ ਅਤੇ ਉਹਨਾਂ ਨੂੰ ਕਿਸੇ ਤਰਾਂ ਦੇ ਉਪਦੇਸ਼ ਦੀ ਲੋੜ ਨਹੀਂ ਹੈ | ਉਹ ਸਮਝਦੇ ਹਨ ਕੀ ਮਾਂ-ਪਿਉ ਤਾਂ ਐਵੇਂ ਹੀ ਬੋਲਦੇ ਰਹਿੰਦੇ ਹਨ | ਅਤੇ ਬਜ਼ੁਰਗ ਐਵੇਂ ਹੀ ਉਪਦੇਸ਼ ਦਿੰਦੇ ਰਹਿੰਦੇ ਹਨ | ਅਜਿਹੀ ਉਹਨਾਂ ਦੀ ਸੋਚ ਹੁੰਦੀ ਹੈ | ਉਹ ਸਮਝਦੇ ਹਨ ਕੀ ਬਜ਼ੁਰਗਾਂ ਨੂੰ ਉਹਨਾਂ ਦੀ ਸਮਝ ਬਾਰੇ ਪਤਾ ਨਹੀਂ ਹੈ ਕਿ ਉਹ ਕੀ -ਕੀ ਕਰ ਸਕਦੇ ਹਨ |ਇਸ ਤਰਾਂ ਮਨੁੱਖ ਆਪਣੀ ਜਵਾਨੀ ਦੇ ਨਸ਼ੇ ਵਿੱਚ ਘੋੜੇ ਦੀ ਤਰਾਂ ਹਵਾ ਵਿੱਚ ਹੀ ਦੋੜਿਆ ਫਿਰਦਾ ਹੈ ਅਤੇ ਕਿਸੇ ਦੀ ਗੱਲ ਨਹੀਂ ਮੰਨਦਾ |ਆਪਣੀ ਮਰਜ਼ੀ ਕਰਦਾ ਹੈ |
ਚੋਥੀ ਅਵਸਥਾ (ਖੋਤਾ ) ਜਦੋਂ ਮਨੁੱਖ ਸ਼ਾਦੀ-ਸ਼ੁਦਾ ਹੋ ਜਾਂਦਾ ਹੈ ਤਾਂ | ਉਸਦੇ ਕੁਝ ਦੇਰ ਬਾਅਦ ਦੋ ਤਿੰਨ ਬੱਚੇ ਹੋ ਜਾਂਦੇ ਹਨ | ਘਰ ਵਾਲੀ (ਪਤਨੀ) ਅਲਗ-ਅਲਗ ਤਰਾਂ ਦੀਆਂ ਡਿਮਾਂਡ ਕਰਦੀ ਹੈ | ਮਾਂ-ਬਾਪ ਮੁੰਡੇ ਦਾ ਮੁਹੰ ਦੇਖਦੇ ਹਨ ਕਿ ਇਹ ਸਾਡੀ ਕੋਈ ਸੇਵਾ ਕਰੇਗਾ ਜਾਂ ਨਹੀਂ | ਗ੍ਰਹਿਸਥ ਜੀਵਨ ਵਿੱਚ ਹੀ ਉਸਨੂੰ ਆਟੇ-ਦਾਲ ਅਤੇ ਹੋਰ ਘਰੇਲੂ ਚੀਜਾਂ ਦੇ ਭਾਵ ਪਤਾ ਲੱਗਦੇ ਹਨ | ਕਦੇ ਉਹ ਸਬਜ਼ੀ ਲਿਆਂਦਾ ਹੈ ,ਕਦੇ ਆਟਾ ਅਤੇ ਕਦੇ ਬੱਚਿਆਂ ਨੂੰ ਚੁੱਕ ਕੇ ਸਵਾਰੀ ਕਰਵਾਉਂਦਾ ਹੈ | ਉਹ ਹਰ ਵੇਲੇ ਕੁਝ ਨਾ ਕੁਝ ਖੋਤੇ ਦੀ ਤਰਾਂ ਢੋਂਦਾ ਹੀ ਰਹਿੰਦਾ ਹੈ ਪਰ ਕਦੇ ਉਫ਼ ਤੱਕ ਨਹੀਂ ਕਰਦਾ | ਉਸਨੂੰ ਕਈ ਤਰਾਂ ਦੇ ਤਾਹਨੇ -ਮਿਹਣੇ ਵੀ ਪਰਿਵਾਰ ਅਤੇ ਸਮਾਜ ਤੋਂ ਸੁਣਨੇ ਪੈਂਦੇ ਹਨ | ਪਰ ਵਕਤ ਦਾ ਮਾਰਿਆ ਆਪਣੇ ਪਰਿਵਾਰ ਦੀ ਸੁਰਖਿਆ ਦੀ ਬੇਹਤਰੀ ਵਾਸਤੇ ਸਭਕੁਝ ਸਹਿਣ ਕਰਦਾ ਹੈ | ਇਸ ਤਰਾਂ ਉਹ ਖੋਤੇ ਦਾ ਜੀਵਨ ਜਿਉਂਦਾ ਹੈ | ਜਿਵੇਂ ਗਧੇ ਉੱਪਰ ਜਿੰਨਾ ਮਰਜੀ ਭਾਰ ਲੱਦਿਆ ਹੋਵੇ ਉਹ ਬਸ ਕੰਮ ਵਿੱਚ ਹੀ ਲੱਗਿਆ ਰਹਿੰਦਾ ਹੈ ,ਉਸੇ ਤਰਾਂ ਇਸ ਅਵਸਥਾ ਵਿੱਚ ਮਨੁੱਖ ਵੀ ਆਪਣੇ ਕੰਮ ਵਿੱਚ ਹੀ ਧਿਆਨ ਦਿੰਦਾ ਹੈ |
ਪੰਜਵੀਂ ਅਵਸਥਾ (ਉੱਲੂ ) ਗ੍ਰਹਿਸਥ ਜੀਵਨ ਤੋਂ ਬਾਅਦ ਉਹ ਬੁਢਾਪੇ ਵਿੱਚ ਆ ਜਾਂਦਾ ਹੈ | ਇਸ ਸਮੇਂ ਉਸਦੇ ਸਾਰੇ ਧੀਆਂ- ਪੁੱਤਰ  ਸ਼ਾਦੀ ਕਰਵਾ ਚੁੱਕੇ ਹੁੰਦੇ ਹਨ | ਮਨੁੱਖ ਨੂੰ ਇਸ ਸਮੇਂ ਕਈ ਲਾ-ਇਲਾਜ਼ ਬਿਮਾਰੀਆਂ ਘੇਰ ਲੈਂਦੀਆਂ ਹਨ | ਉਸਦੀ ਸੇਵਾ ਕਰਨ ਵਾਲਾ ਘਰ ਵਿੱਚ ਕੋਈ ਨਹੀਂ ਹੁੰਦਾ | ਪੁੱਤਰ ਅਤੇ ਨੁਹਾਂ ਦਫ਼ਤਰ ਚਲੇ ਜਾਂਦੇ ਹਨ | ਉਸਨੂੰ (ਬਜ਼ੁਰਗਾਂ ਨੂੰ ) ਘਰ ਦਾ ਤਾਲਾ ਆਖਿਆ ਜਾਂਦਾ ਹੈ |ਇਸ ਸਮੇਂ ਉਸਦੇ ਮੁਹੰ ਵਿੱਚ ਦੰਦ ਨਹੀਂ ਹੁੰਦੇ,ਲੱਤਾਂ ਚੱਲ ਨਹੀਂ ਸਕਦੀਆਂ ,ਅੱਖਾਂ ਤੋਂ ਦਿਖਾਈ ਨਹੀਂ ਦਿੰਦਾ | ਅਜਿਹੀ ਹਾਲਤ ਵਿੱਚ ਜਦੋਂ ਉਸਦੇ ਮੁੰਡੇ ਦੇ ਘਰ ਵਿੱਚ ਪੋਤੇ ਦਾ ਕੋਈ ਫੰਕਸ਼ਨ ਹੋ ਰਿਹਾ ਹੈ | ਉਸਦੀ ਮੰਜੀ ਇੱਕ ਨੁੱਕਰੇ ਰੱਖੀ ਹੁੰਦੀ ਹੈ | ਉਹ ਆਉਣ -ਜਾਣ ਵਾਲਿਆਂ ਨੂੰ ਮੱਥੇ ਉੱਤੇ ਹੱਥ ਰੱਖ-ਰੱਖ ਕੇ ਉੱਲੂਆਂ ਵਾਂਗੂੰ ਦੇਖਦਾ ਹੈ ਕੀ ਘਰ ਵਿੱਚ ਕੀ ਹੋ ਰਿਹਾ ਹੈ | ਉਸਦੇ ਮੁੰਡੇ ਅਤੇ ਪੋਤੇ-ਪੋਤਿਆਂ ਦੇ ਰਿਸ਼ਤੇਦਾਰ ਦੂਰੋਂ ਹੀ ਹੱਥ ਹਿਲਾ ਕੇ ਪੁੱਛਦੇ ਹਨ -" ਭਾਈਆ ਠੀਕ ਐਂ......?" ਬਜ਼ੁਰਗ ਵਿਚਾਰਾ ਹੋਲੀ-ਹੋਲੀ ਪਹਿਚਾਣ ਕਰਨ ਦੀ ਕੋਸ਼ਿਸ਼ ਕਰਦਾ ਹੈ | ਪਰ ਉਦੋਂ ਤੱਕ ਰਿਸ਼ਤੇਦਾਰ ਅੰਦਰ ਚਲਿਆ ਜਾਂਦਾ ਹੈ |ਉਸਨੂੰ ਇੱਕ ਅਲਗ ਹਨੇਰੇ ਜਿਹੇ ਕਮਰੇ ਵਿੱਚ ਰੱਖ ਦਿੱਤਾ ਜਾਂਦਾ ਹੈ | ਇਸ ਤਰਾਂ ਮਨੁੱਖ ਇਸ ਅਵਸਥਾ ਵਿੱਚ ਉੱਲੂਆਂ ਦੀ ਤਰਾਂ ਜੀਵਨ ਬਤੀਤ ਕਰਦਾ ਹੈ |

   ਚਾਹੇ ਕੋਈ ਸਹਿਮਤ ਹੋਵੇ ਜਾਂ ਨਾ ਹੋਵੇ ਪਰ ਜ਼ਿਆਦਾਤਰ ਮਨੁੱਖ ਜੀਵਨ ਇਸੇ ਤਰਾਂ ਹੀ ਦਿਖਾਈ ਦਿੰਦਾ ਹੈ |


               ___________________________________________

0 comments:

Post a Comment