Sunday, April 19, 2015

ਮਾਸਟਰ ਜੀ

ਕਾਫੀ ਸਮੇਂ ਪਹਿਲਾਂ ਦੀ ਗੱਲ ਹੈ ਮੇਰੇ ਇੱਕ ਸਹਿਯੋਗੀ ਮਿੱਤਰ ਨੇ ਸੁਝਾਉ ਦਿੱਤਾ ਕੀ ਮੈਨੂੰ ਇੱਕ ਨਾਵਲ ਲਿਖਣਾ ਚਾਹੀਦਾ ਹੈ ਜਿਸਦਾ ਨਾਮ ਹੋਵੇ ਮਾਸਟਰ ਜੀ.ਇਸ ਵਿੱਚ ਇੱਕ ਇਮਾਨਦਾਰ ਅਧਿਆਪਕ ਦੀ ਜਿੰਦਗੀ ਦਾ ਪੂਰਾ ਵਿਵਰਣ ਹੋਵੇ.ਉਹ ਕਿਵੇਂ ਆਪਣੇ ਪਰਿਵਾਰ,ਸਮਾਜ,ਅਫਸਰਾਂ,ਸਰਕਾਰਾਂ,ਅਤੇ ਆਪਣੇ ਵਿਦਿਆਰਥੀਆਂ ਨਾਲ ਤਾਲਮੇਲ ਬਿਠਾਉਣ ਦੀ ਕੋਸ਼ਿਸ਼ ਕਰਦਾ ਰਹਿੰਦਾ ਹੈ.ਅਤੇ ਇੰਨਾਂ ਸਭਕੁਝ ਹੋਣ ਦੇ ਬਾਵਜ਼ੂਦ ਵੀ ਸਮਾਜ ਉਸ ਬਾਰੇ ਕੀ ਸੋਚਦਾ ਹੈ.ਖੈਰ ਜਦੋਂ ਮੇਰੇ ਮਿੱਤਰ ਨੇ ਇਹ ਗੱਲ ਕਹੀ ਸੀ ਉਸ ਵੇਲੇ ਮੇਰਾ ਆਪਣਾ ਕੋਈ ਤਜਰਬਾ ਨਹੀਂ ਸੀ ਕਿਉਂਕਿ ਮੈਂ ਨਵਾਂ-ਨਵਾਂ ਹੀ ਸੀ.ਪਰ ਅੱਜ ਜੇਕਰ ਥੋੜਾ ਬਹੁਤ ਤਜਰਬਾ ਹੈ ਤਾਂ ਮੈਨੂੰ ਉਸ ਮਿੱਤਰ ਦੇ ਬਾਰੇ ਕੋਈ ਖਬਰ ਨਹੀਂ ਹੈ.ਅੱਜ ਮੈਂ ਨਾਵਲ ਤਾਂ ਨਹੀਂ ਲਿਖ ਰਿਹਾ ਪਰ ਕੁਝ ਗੱਲਾਂ ਜਰੂਰ ਸਾਂਝੀਆਂ ਕਰਨ ਦਾ ਖਿਆਲ ਹੈ.
     ਜਦੋਂ ਅਸੀਂ ਆਖਦੇ ਹਾਂ ਕੀ ਸਰਕਾਰੀ ਸਕੂਲਾਂ ਦੀ ਹਾਲਤ ਮਾੜੀ ਕਿਉਂ ਹੈ ਅਤੇ ਲੋਕ ਆਪਣੇ ਬੱਚੇ ਸਰਕਾਰੀ ਸਕੂਲਾਂ ਵਿਚ ਭੇਜਣ ਵਾਸਤੇ ਤਿਆਰ ਕਿਉਂ ਨਹੀਂ ਹੁੰਦੇ.ਜਦਕਿ ਸਰਕਾਰੀ ਸਕੂਲਾਂ ਦੇ ਟੀਚਰ ਸਭ ਤੋਂ ਵਧ ਕਾਬਿਲ ਹੁੰਦੇ ਹਨ.ਉਹਨਾਂ ਦੀ ਭਰਤੀ ਦਾ ਆਧਾਰ ਹੀ ਲਿਆਕਤ ਹੁੰਦਾ ਹੈ ਤਾਂ ਫਿਰ ਉਹਨਾਂ ਨੂੰ ਅਸੀਂ ਸਹੀ ਨਜ਼ਰਿਏ ਨਾਲ ਕਿਉਂ ਨਹੀਂ ਦੇਖਦੇ ? ਇਸ ਗੱਲ ਦਾ ਪਤਾ ਭਾਵੇਂ ਸਾਰੇ ਆਖਦੇ ਹਨ ਕਿ ਸਾਨੂੰ ਪਤਾ ਹੈ ਪਰ ਮੇਰਾ ਖਿਆਲ ਹੈ ਕਿ ਇਸ ਬਾਰੇ ਵਾਕਈ ਕਿਸੇ ਨੂੰ ਨਹੀਂ ਪਤਾ ਹੈ ਕਿ ਸਰਕਾਰੀ ਅਧਿਆਪਕ ਕਿਵੇਂ ਇੱਕ ਅਭਿਮਨਿਉ ਦੀ ਤਰਾਂ ਇੱਕਲਾ ਹੀ ਆਪਣੇ ਕਿੱਤੇ ਵਿੱਚ ਆਉਣ ਵਾਲਿਆਂ ਬੇਲੋੜੀਆਂ ਮੁਸ਼ਕਿਲਾਂ ਦੇ ਯੁਧਖੇਤਰ ਵਿੱਚ ਜੂਝ ਰਿਹਾ ਹੁੰਦਾ ਹੈ.ਜਿੰਨੀ ਦੇਰ ਤੱਕ ਅਸੀਂ ਮਾਸਟਰ ਦੀ ਨਜਰ ਨਾਲ ਇਸਨੂੰ ਨਹੀਂ ਦੇਖਦੇ ਸਾਨੂੰ ਇਸ ਖੇਤਰ ਦੀ ਮੁਸ਼ਕਿਲਾਂ ਬਾਰੇ ਕੋਈ ਅੰਦਾਜ਼ਾ ਨਹੀਂ ਲੱਗ ਸਕਦਾ.ਸਿਰਫ਼ ਖਿਆਲੀ ਗੁੱਸਾ ਹੀ ਉਹਨਾਂ ਪ੍ਰਤੀ ਅਸੀਂ ਜਾਹਰ ਕਰ ਸਕਦੇ ਹਾਂ .
ਜਦੋਂ ਕੋਈ ਮਾਸਟਰ ਬਣਨ ਵਾਸਤੇ ਕੋਰਸ ਕਰਦਾ ਹੈ ਤਾਂ ਉਸਨੂੰ ਕੇਵਲ ਇੱਸ ਗੱਲ ਦਾ ਹੀ ਪਤਾ ਹੁੰਦਾ ਹੈ ਕੀ ਟੀਚਰ ਦੇਸ਼ ਦਾ ਨਿਰਮਾਤਾ ਹੁੰਦਾ ਹੈ ਅਤੇ ਇਹ ਇੱਕ ਇਮਾਨਦਾਰ ਕਿੱਤਾ ਹੈ .ਉਹ ਤਨੋਂ-ਮਨੋਂ-ਧਨੋਂ ਇਸ ਟੀਚੇ ਨੂੰ ਪੂਰਾ ਕਰਨ ਵਾਸਤੇ ਸੁਪਨੇ ਸਜਾਉਣ ਲਗਦਾ ਹੈ ਅਤੇ ਘਰ ਦਾ ਦਾਲ-ਰੋਟੀ ਚਲਾਉਣ ਵਾਸਤੇ ਉਹ ਟਿਊਸ਼ਨ ਵੀ ਕਰਦਾ ਹੈ. ਉਸਦੀ ਹਾਲਤ "ਦੋ-ਦੁਨੀ-ਚਾਰ" ਫਿਲਮ ਦੇ ਹੀਰੋ ਰਿਸ਼ੀ ਕਪੂਰ ਵਰਗੀ ਹੁੰਦੀ ਹੈ.ਪਰ ਜਦੋਂ ਸਰਕਾਰੀ ਨੋਕਰੀ ਵਿਚ ਆਉਂਦਾ ਹੈ ਤਾਂ ਉਸਨੂੰ ਵਿਦਿਅਕ ਵਿਭਾਗ ਬਾਰੇ ਜੋ ਕੁਝ ਪਤਾ ਲਗਦਾ ਹੈ ਅਤੇ ਜੋ-ਜੋ ਤਜ਼ਰਬੇ ਉਸਨੂੰ ਹੁੰਦੇ ਹਨ ਉਹਨਾਂ ਬਾਰੇ ਉਸਨੇ ਆਪਣੀ ਜਿੰਦਗੀ ਵਿੱਚ ਕਦੇ ਸੋਚਿਆ ਵੀ ਨਹੀਂ ਹੁੰਦਾ.
ਉਹ ਤਾਂ ਕੇਵਲ ਇਮਾਨਦਾਰੀ ਨਾਲ ਦੇਸ਼ ਦੇ ਭਵਿਖ (ਬੱਚਿਆਂ ਦਾ ਭਵਿਖ) ਦਾ ਨਿਰਮਾਣ ਕਰਨ ਵਾਸਤੇ ਆਪਣੀ ਸ਼ੁਰੁਆਤ ਕਰਦਾ ਹੈ.ਪਰ ਜਿਉਂ-ਜਿਉਂ ਤਜਰਬਾ ਹੁੰਦਾ ਹੈ ਤਾਂ ਪਤਾ ਲਗਦਾ ਹੈ ਕਿ ਅਸਲੀਅਤ ਅਤੇ ਸੁਪਨਿਆਂ ਵਿਚ ਜ਼ਮੀਨ-ਅਸਮਾਨ ਦਾ ਫਰਕ ਹੁੰਦਾ ਹੈ.ਜਿਸ ਕਿੱਤੇ ਬਾਰੇ ਇੱਕ ਅਧਿਆਪਕ ਨੂੰ ਵੀ ਆਪਣੇ ਖੇਤਰ ਵਿਚ ਆਉਣ ਤੋਂ ਪਹਿਲਾਂ ਪੂਰੀ ਜਾਣਕਾਰੀ ਨਹੀਂ ਹੁੰਦੀ ਉਸ ਬਾਰੇ ਅਸੀਂ ਸਾਰੇ ਕਿਵੇਂ ਆਖ ਸਕਦੇ ਹਾਂ ਕਿ ਸਾਨੂੰ ਇਹਨਾਂ ਬਾਰੇ ਸਭਕੁਝ ਪਤਾ ਹੈ.
ਪ੍ਰਾਇਵੇਟ ਸਕੂਲਾਂ ਦੇ ਟੀਚਰ ਕਦੋਂ ਅਸੀਂ ਦੇਖੇ ਹਨ ਕਿ ਉਹ ਸਕੂਲ ਦੀ ਇਮਾਰਤ ਬਨਵਾ ਰਹੇ ਹਨ ਅਤੇ ਖਾਤਿਆਂ ਦਾ ਹਿਸਾਬ ਕਿਤਾਬ ਰਖ ਰਹੇ ਹਨ .ਕਦੋਂ ਅਸੀਂ ਦੇਖਿਆ ਹੈ ਕੀ ਉਹ ਘਰੋ-ਘਰੀਂ ਜਾ ਕੇ ਵੋਟਾਂ ਦੀਆਂ ਡਿਉਟੀਆਂ ਦੇ ਰਹੇ ਹਨ ਜਾਂ ਹੋਰ ਗੈਰ-ਵਿਦਿਅਕ ਡਿਉਟੀਆਂ ਦੇ ਰਹੇ ਹਨ.ਉਹਨਾਂ ਨੂੰ ਸਿਰਫ਼ ਪੜਾਉਣ ਤੋਂ ਇਲਾਵਾ ਕੋਈ ਹੋਰ ਕੰਮ ਨਹੀਂ ਹੁੰਦਾ .ਜਿਵੇਂ ਇੱਕ ਡਾਕੀਏ ਨੂੰ ਪਤਾ ਹੈ ਕੀ ਉਸਦਾ ਕੰਮ ਕੇਵਲ ਡਾਕ ਵੰਡਣ ਦਾ ਹੈ ,ਇੱਕ ਬੈਂਕ ਕਰਮਚਾਰੀ ਸਿਰਫ਼ ਕੈਸ਼ ਆਦਿ ਦਾ ਕੰਮ ਕਰਦਾ ਹੈ.ਡਾਕਟਰ ਕੇਵਲ ਮਰੀਜ਼ ਦੇਖਦਾ ਹੈ.ਅਰਥਾਤ ਹਰ ਕੋਈ ਮੁਲਾਜ਼ਮ ਆਪਣੇ ਆਪਣੇ ਕਿੱਤੇ ਨਾਲ ਸੰਬੰਧਤ ਕੰਮ ਹੀ ਕਰਦੇ ਹਨ.ਪਰ ਅਧਿਆਪਕ ਦਾ ਕਿੱਤਾ ਅਜਿਹਾ ਨਹੀਂ ਹੈ.ਉਹ ਪੜਾਉਣਾ ਚਾਹੁੰਦਾ ਹੈ.ਪਰ ਉਸਨੂੰ ਹੋਰ ਕਈ ਤਰਾਂ ਦੀਆਂ ਗੈਰ-ਵਿਦਿਅਕ ਡਿਉਟੀਆਂ ਉਸਦਾ ਧਿਆਨ ਉਸਦੇ ਕਿੱਤੇ ਤੋਂ ਦੂਰ ਲੈ ਜਾਂਦੀਆਂ ਹਨ. ਉਸਦਾ ਆਪਣੇ ਵਿਦਿਆਰਥੀਆਂ ਨੂੰ ਪਾਠ ਪੜਾਉਣ ਸਮੇਂ ਜੋ ਲਿੰਕ ਬਣਿਆ ਹੁੰਦਾ ਹੈ ਉਸਤੋਂ ਉਸਨੂੰ ਉਖਾੜ ਦਿੱਤਾ ਜਾਂਦਾ ਹੈ ਅਤੇ ਕਿਸੇ ਨਾ ਕਿਸੇ ਹੋਰ ਪਾਸੇ ਉਲਝਾ ਕੇ ਰਖਿਆ ਜਾਂਦਾ ਹੈ. ਵਿਦਿਆਰਥੀਆਂ ਨਾਲ ਬਣੇ ਰਿਸ਼ਤੇ ਨੂੰ ਤੋੜ ਕੇ ਉਸਨੂੰ ਭਿੰਨ-ਭਿੰਨ ਇਲਾਕਿਆਂ ਵਿੱਚ ਭੇਜ ਕੇ ਅਜਿਹੇ ਡਾਟਾ ਇੱਕਠੇ ਕਰਵਾਏ ਜਾਂਦੇ ਹਨ ਜਿਹਨਾਂ ਦਾ ਉਸਦੀ ਪੜਾਈ ਦੇ ਕਿੱਤੇ ਨਾਲ ਕੋਈ ਸੰਬੰਧ ਨਹੀਂ ਹੁੰਦਾ.ਹਾਂ ਇੱਕ ਨਵਾਂ ਤਜਰਬਾ ਜਰੂਰ ਹੁੰਦਾ ਹੈ ਜਿਸ ਬਾਰੇ ਲੋਕ ਨਹੀਂ ਜਾਣਦੇ ਅਤੇ ਨਾ ਹੀ ਹੁਕਮ ਦੇਣ ਵਾਲੇ ਅਫਸਰ ਹੀ ਜਾਣਦੇ ਹਨ.ਕਿਉਂਕੀ ਉਹ ਆਪਣੀਆਂ ਮੁਸ਼ਕਿਲਾਂ ਨੂੰ ਕਿਸ ਨਾਲ ਜਾ ਕੇ ਨਿਪਟਾਰਾ ਕਰਵਾਏ ਇਸ ਬਾਰੇ ਕੁਝ ਪ੍ਰਬੰਧ ਨਹੀਂ ਹੈ.ਉਸਦੇ ਸਮੀਪੀ ਅਫਸਰ ਤਾਂ ਉਸ ਨਾਲ ਇਸ ਤਰਾਂ ਵਤੀਰਾ ਕਰਦੇ ਹਨ ਜਿਵੇਂ ਉਹ ਇੱਕ ਅਫੀਮ ਚੋਰ ਹੋਵੇ.ਖੈਰ ਉਹ ਘਰੋ-ਘਰੀਂ ਜਾਂਦਾ ਹੈ ਅਤੇ ਸਮਾਜ ਬਾਰੇ ਇੱਕ ਨਵੀਂ ਸੋਚ ਅਤੇ ਧਰਨਾ ਬਣਦੀ ਹੈ ਜੋ ਲੋਕ ਸਰਕਾਰਾਂ ਬਾਰੇ ਸੋਚਦੇ ਹਨ .
ਇਸਤੋਂ ਬਾਅਦ ਘਰੋ ਘਰੀਂ ਜਾ ਕੇ ਹੀ ਪਤਾ ਲਗਦਾ ਹੈ ਕਿ ਲੋਕਾਂ ਦੀ ਹਾਲਤ ਕੀ ਹੈ ਅਤੇ ਉਹ ਸਰਕਾਰਾਂ ਜਾ ਕਿਸੇ ਬਾਰੇ ਕੀ ਸੋਚਦੇ ਹਨ ਅਤੇ ਉਹਨਾਂ ਦੇ ਆਪਣੇ ਪਧਰ ਦਾ ਕਿੰਨਾਂ ਕੁ ਵਿਕਾਸ ਹੋਇਆ ਹੈ.ਮਾਸਟਰ ਜੀ ਅਕਸਰ ਘਰੋ ਘਰੀਂ ਜਾਕੇ ਵੋਟਾਂ ਬਣਾਉਂਦੇ ਨੇ ਜਨਸੰਖਿਆ ਦਾ ਡਾਟਾ ਇਕਠਾ ਕਰਦੇ ਨੇ ,ਘਰੋ ਘਰੀਂ ਛੋਟੇ ਬਚਿਆਂ ਨੂੰ ਸਕੂਲੇ ਆਉਣ ਦੀ ਪ੍ਰੇਰਣਾ ਦਿੰਦੇ ਨੇ ਅਤੇ ਹੋਰ ਬੜਾ ਕੁਝ ਸਰਕਾਰ ਉਹਨਾਂ ਤੋਂ ਅਜਿਹੇ ਹੀ ਗੈਰ-ਵਿਦਿਅਕ ਕੰਮ ਲੈਂਦੀਆਂ ਨੇ , ਜਿਹਨਾਂ ਬਾਰੇ ਉਹਨਾਂ ਨੂੰ ਬੀ.ਐਡ.ਕਰਦੇ ਸਮੇਂ ਕੁਝ ਨਹੀਂ ਦਸਿਆ ਜਾਂਦਾ.ਅਜਿਹੇ ਕੰਮਾਂ ਦਾ ਉਹਨਾਂ ਦੇ ਅਧਿਆਪਨ ਕਿੱਤੇ ਨਾਲ ਦੂਰ-ਦੂਰ ਤਕ ਕੋਈ ਰਿਸ਼ਤਾ ਨਹੀਂ ਹੁੰਦਾ. ਵੋਟਾਂ ਦੋਰਾਨ ਵੀ ਸਾਰਾ ਕੰਮ ਮਾਸਟਰ ਜੀ ਹੀ ਕਰਦੇ ਹਨ .ਉਹਨਾਂ ਨੂੰ ਅਫਸਰ ਦੀ ਉਪਾਧੀ ਇੱਕ ਦਿਨ ਵਾਸਤੇ ਮਿਲਦੀ ਹੈ ਪਰ ਇਸ ਵਿਚ ਅਫਸਰੀ ਵਰਗਾ ਕੁਝ ਨਹੀਂ ਹੁੰਦਾ.ਉਹਨਾਂ ਨੂੰ ਟਰੱਕਾਂ ਵਿੱਚ ਭਰ-ਭਰ ਕੇ ਸਟੇਸ਼ਨਾਂ ਤੇ ਲਿਜਾਇਆ ਜਾਂਦਾ ਸੀ.ਕੁਝ ਮਾਸਟਰਾਂ ਦੇ ਵਿਰੋਧ ਤੋਂ ਬਾਅਦ ਅੱਜਕਲ ਬਸਾਂ ਦਾ ਇੰਤਜ਼ਾਮ ਕੀਤਾ ਜਾਂਦਾ ਹੈ .ਪਰ ਵੋਟਾਂ ਦੀ ਸਮਾਪਤੀ ਤੋਂ ਬਾਅਦ ਘਰ ਵਾਪਸੀ ਦਾ ਕੋਈ ਇੰਤਜ਼ਾਮ ਨਹੀਂ ਕੀਤਾ ਜਾਂਦਾ  ਅਤੇ ਰਾਤ ਸਮੇਂ ਸੜਕਾਂ ਉੱਤੇ ਭਾਰ ਚੁੱਕ ਕੇ ਕੋਈ ਸਾਧਨ ਲਭਦੇ ਰਹਿੰਦੇ ਹਨ ਜੋ ਉਹਨਾਂ ਨੂੰ ਘਰ ਤੱਕ ਪਹੁੰਚਾ ਸਕੇ .ਜੋ ਹਾਲਤ ਇਹਨਾਂ ਅਫਸਰਾਂ ਦੀ ਇੱਕ ਜਾਂ ਦੋ ਦਿਨ ਵਿਚ ਹੁੰਦੀ ਹੈ ਉਹਨਾਂ ਬਾਰੇ ਤਾਂ ਅਸਲੀ ਅਫ਼ਸਰ ਵੀ ਭੁਲੇਖਿਆਂ ਵਿਚ ਹੀ ਲਗਦੇ ਹਨ.ਉਹਨਾਂ ਨੂੰ ਟ੍ਰੇਨਿੰਗ ਦੇਣ ਵੇਲੇ ਤਾਂ ਸਾਰਾ ਦਿਨ ਕਈ ਵਾਰੀ ਪਾਣੀ ਵੀ ਨਹੀਂ ਮਿਲਦਾ ਰੋਟੀ ਤਾਂ ਦੂਰ ਦੀ ਗੱਲ ਹੈ.ਜਿਸ ਦਿਨ ਉਹ ਸਟੇਸ਼ਨ ਤੇ ਪੁੱਜਦੇ ਹਨ ਤਾਂ ਉਹਨਾਂ ਦਾ ਰੋਟੀ ਪਾਣੀ  ਦਾ ਪ੍ਰਬੰਧ ਸਥਾਨਕ ਲੋਕਾਂ ਦੇ ਆਸਰੇ ਹੀ ਹੁੰਦਾ ਹੈ.ਸਰਕਾਰ ਸਿਰਫ਼ ਹੁਕਮ ਤੋਂ ਇਲਾਵਾ ਕੁਝ ਨਹੀਂ ਦਿੰਦੀ.ਆਪਣੀ ਇਮਾਨਦਾਰੀ ਨਾਲ ਨਿਭਾਈ ਡਿਉਟੀ ਦਾ ਵੀ ਸਿਲਾ ਇਹ ਮਿਲਦਾ ਹੈ ਕਿ ਜਦੋਂ ਕੋਈ ਲੀਡਰ ਦੂਸਰੇ ਵਿਰੁਧ ਅਦਾਲਤ ਵਿਚ ਜਾਂਦਾ ਹੈ ਤਾਂ ਵਿਚਾਰੇ ਮਾਸਟਰ ਜੀ ਨੂੰ ਵੀ ਸੰਮਨ ਭੇਜ ਕੇ ਉਸਦੀ ਖੱਜਲ ਖੁਆਰੀ ਕੀਤੀ ਜਾਂਦੀ ਹੈ.
ਸਕੂਲਾਂ ਵਿਚ ਵੀ ਅਜਕਲ ਉਹਨਾਂ ਨੂੰ ਇਮਾਰਤਾਂ ਬਨਾਉਣ ਸਫਾਈਆਂ ਕਰਨ, ਮਿਡ-ਡੇ-ਮੀਲ ਤਿਆਰ ਕਰਨ ਅਤੇ ਇਲਾਕੇ ਦੇ ਘਰਾਂ ਵਿਚ ਜਾਕੇ ਬਚੇ ਇੱਕਠੇ ਕਰਕੇ ਸਕੂਲੇ ਵਿਚ ਲਿਆਉਣ ਬਾਰੇ ਹੀ ਕਿਹਾ ਜਾਂਦਾ ਹੈ.ਸਕੂਲ ਦੀ ਇਮਾਰਤ ਵਾਸਤੇ ਇੱਟਾਂ ਦੀ ਖਰੀਦ ਲਈ ਭਠੇ ਅਤੇ ਜਾਣਾ ਮਜਦੂਰਾਂ ਦਾ ਪ੍ਰਬੰਧ ਕਰਨਾ,ਆਦਿ ਛੋਟੇ-ਛੋਟੇ ਕੰਮ ਹਨ ਜਿਹਨਾਂ ਵਾਸਤੇ ਜਦੋਂ ਉਹ ਸਕੂਲੋਂ ਬਾਹਰ ਜਾਂਦੇ ਹਨ ਤਾਂ ਪਿਛੋਂ ਅਚਾਨਕ ਕੋਈ ਅਫਸਰ ਆ ਜਾਵੇ ਤਾਂ ਉਸ ਨਾਲ ਅਪਰਾਧੀਆਂ ਵਰਗਾ ਸਲੂਕ ਕੀਤਾ ਜਾਂਦਾ ਹੈ.ਉਸਦੀ ਨਿਯੁਕਤੀ ਤਾਂ ਦੇਸ਼ ਦੇ ਨਿਰਮਾਤਾ ਤੋਰ ਤੇ ਹੋਈ ਸੀ ਨਾ ਕੀ ਬਿਲਡਿੰਗ ਨਿਰਮਾਤਾ ਦੇ ਤੋਰ ਤੇ.ਆਡਿਟ ਸਮੇਂ ਵੀ ਆਡਿਟ ਟੀਮ ਤੋਂ ਸਾਰੇ ਡਰਦੇ ਹਨ ਅਤੇ ਇਮਾਨਦਾਰੀ ਨਾਲ ਕੰਮ ਕਰਨ ਦੇ ਬਾਵਜ਼ੂਦ ਕਈ ਲੋਕਾਂ ਤੋਂ ਪੈਸੇ ਉਗਰਾਹੇ ਜਾਂਦੇ ਹਨ .ਇੱਕ ਇਹੀ ਮਹਿਕਮਾ ਹੈ ਜਿਸ ਵਿਚ ਆਪਣੀ ਤਨਖਾਹ ਲੈਣ ਵਾਸਤੇ ਵੀ ਪੈਸੇ ਦੇਣੇ ਪੈਂਦੇ ਹਨ.ਦਫਤਰਾਂ ਦੇ ਕਲਰਕ ਕੀ ਕਰਦੇ ਹਨ ਸਾਰੇ ਜਾਣਦੇ ਹਨ.ਅਜਿਹੇ ਹੀ ਹੋਰ ਬੇਹਿਸਾਬ ਝਮੇਲੇ ਹਨ ਜਿਹਨਾਂ ਦਾ ਪੜਾਈ ਦੇ ਕਿੱਤੇ ਨਾਲ ਕੋਈ ਸੰਬਧ ਨਹੀਂ ਹੁੰਦਾ ਪਰ ਉਸ ਬਾਰੇ ਜਿੰਮੇਵਾਰ ਕੇਵਲ ਅਧਿਆਪਕ ਨੂੰ ਹੀ ਠਹਿਰਾਇਆ ਜਾਂਦਾ ਹੈ.ਪੜਾਈ ਕੇਵਲ ਤਾਂ ਹੀ ਚੰਗੀ ਹੁੰਦੀ ਹੈ ਜਦੋਂ ਅਧਿਆਪਕ ਬਿਨਾ ਕਿਸੇ ਡਰ ਅਤੇ ਬਿਨਾ ਕਿਸੇ ਗੈਰ ਵਿਦਿਅਕ ਡਿਉਟੀ ਦੇ ਆਪਣਾ ਪੂਰਾ ਸਮਾਂ ਕੇਵਲ ਵਿਦਿਆਰਥੀਆਂ ਵੱਲ ਸਮਰਪਿਤ ਹੋਵੇ.
ਜਦੋਂ ਅਸੀਂ ਆਖਦੇ ਹਾਂ ਕੀ ਪ੍ਰਾਇਵੇਟ ਸਕੂਲਾਂ ਦੇ ਨਤੀਜੇ ਵਧੀਆ ਹਨ ਤਾਂ ਇਹ ਗੱਲ ਆਖਣ ਤੋਂ ਪਹਿਲਾਂ ਸਾਨੂੰ ਦੋਹਾਂ ਪਾਸੇ ਦੇ ਮਾਹੋਲ ਅਤੇ ਸਹੂਲਤਾਂ ਬਾਰੇ ਵੀ ਸੋਚਣਾ ਚਾਹੀਦਾ ਹੈ.ਸਿੱਕੇ ਦੇ ਦੋਨਾਂ ਪਹਿਲੂਆਂ ਨੂੰ ਦੇਖਕੇ ਹੀ ਕੁਝ ਨਤੀਜਾ ਨਿਕਲਦਾ ਹੈ.ਸਾਨੂੰ ਕਦੇ ਵੀ ਸੁਣੀ-ਸੁਣਾਈ ਗੱਲ ਨਹੀਂ ਕਰਨੀ ਚਾਹੀਦੀ.


1 comment:

  1. ਪਤਾ ਹੀ ਨਹੀ ਚਲਿਆ ਕਿ ਕਦੋਮੈ ਇਸ ਸਿਸਟਮ ਦਾ ਹਿਸਾ ਬਣ ਗਿਆ ।ਕਦੋ ਅਤੇ ਕਿਦਾਂ ਮੈ ਇਹ ਡੳਟਿਆਂ ਦੇ ਦਿਤੀਆਂ।
    ਕਿ ਕਦੇ ਇਹ ਸਿਸਟਮ ਬਦਲੇਗਾ।

    ReplyDelete