Saturday, April 18, 2015

ਵਿਦਿਆ ਵਿਚਾਰੀ ਤਾਂ...............ਇਸਦਾ ਅਰਥ ਹੈ ਕਿ ਜਦੋਂ ਇਸ ਗੱਲ ਉੱਤੇ ਵਿਚਾਰ ਕੀਤਾ ਕਿ ਵਿਦਿਆ ਕੀ ਚੀਜ ਹੈ ਤਾਂ ਉਸ ਵੇਲੇ ਪਤਾ ਲੱਗਾ ਕਿ ਇਹ ਬਹੁਤ ਹੀ ਉਪਕਾਰ ਕਰਨ ਵਾਲੀ ਹੈ..ਪ੍ਰੰਤੂ ਜੇਕਰ ਇਸ ਗੱਲ ਉੱਤੇ ਅੱਜ ਦੇ ਹਾਲਾਤਾਂ ਨੂੰ ਦੇਖਦੇ ਹੋਏ ਗੋਰ ਕਰੀਏ ਤਾਂ ਇਸਦਾ ਅਰਥ ਹੀ ਬਦਲਦਾ ਜਾ ਰਿਹਾ ਹੈ.ਵਿਦਿਆ ਵਿਦਿਅਰਥੀਆਂ ਦਾ ਉਪਕਾਰ ਕਰਨ ਦੀ ਬਜਾਏ ਵਪਾਰਕ ਸੋਚ ਰਖਣ ਵਾਲੇ ਲੋਕਾਂ ਵਾਸਤੇ ਇੱਕ ਖਰੀਦ-ਵੇਚ ਕੀਤੀ ਜਾਣਵਾਲੀ ਵਸਤੁ ਬਣ ਗਈ ਹੈ.ਕੋਈ ਸਮਾਂ ਸੀ ਜਦੋਂ ਅਧਿਆਪਕ ਦਾ ਅਰਥ ਵਿਦਿਆਰਥੀ ਨੂੰ ਸਮਰਪਿਤ ਗੁਰੂ ਅਤੇ ਸਕੂਲ ਦਾ ਅਰਥ ਗੁਰੂਕੁਲ ਵਾਸਤੇ ਲਿਆ ਜਾਂਦਾ ਸੀ .ਪਰ ਅੱਜ ਦਾ ਅਧਿਆਪਕ ਅਤੇ ਸੰਸਥਾਵਾਂ ਦੋਨਾਂ ਨੇ ਆਪਣੇ ਅਸਲੀ ਕਿੱਤੇ ਉੱਪਰ ਵਪਾਰਕ ਸੋਚ ਦੀ ਪੱਟੀ ਬੰਨ ਦਿੱਤੀ ਹੈ.ਕੋਈ ਵੀ ਅਧਿਆਪਕ ਅੱਜ ਤੁਹਾਨੂੰ ਅਜਿਹਾ ਨਜਰ ਨਹੀਂ ਆਵੇਗਾ ਜੋ ਕਿਸੇ ਵਿਦਿਆਰਥੀ ਨੂੰ ਬਿਨਾਂ ਕਿਸੇ ਆਰਥਿਕ ਸਵਾਰਥ ਦੇ ਉਸਨੂੰ ਪੜ੍ਹਾਉਣ ਲਈ ਰਾਜ਼ੀ ਹੁੰਦਾ ਹੋਵੇ .ਇਸਦੇ ਅਪਵਾਦ ਵੀ ਲਭਣੇ ਪੈਣਗੇ .ਵਿਦਿਅਕ ਸੰਸਥਾਵਾਂ ਨੇ ਤਾਂ ਅੱਜਕਲ ਹੱਦ ਹੀ ਕਰ ਦਿੱਤੀ ਹੈ.ਜਿਸ ਵਿਦਿਆ ਨੂੰ ਪ੍ਰਾਪਤ ਕਰਨ ਵਾਸਤੇ ਪਹਿਲਾਂ ਲਖਾਂ ਰੁਪੈ ਲਗਾਉਣੇ  ਪੈਂਦੇ ਹੋਣ ਉਸ ਚੋਉਗੀਰਦੇ ਵਿੱਚ ਕਿਸੇ ਗਰੀਬ ਦੇ ਉਥਾਨ ਦੀ ਗੱਲ ਤਾਂ ਕੇਵਲ ਥੋਥੀ ਅਤੇ ਠਠਾ ਕਰਨ ਵਾਲੀ ਹੀ ਲਗਦੀ ਹੈ.ਇੰਝ ਲਗਦਾ ਹੈ ਕਿ ਲੋਕਤੰਤਰ ਦਾ ਫਾਇਦਾ ਜੇਕਰ ਕੋਈ ਲੈ ਰਿਹਾ ਹੈ ਤਾਂ ਸਭਤੋਂ ਵਧ ਵਪਾਰਕ ਸੋਚ ਰਖਣ ਵਾਲੇ ਓਹ ਲੋਕ ਹਨ ਜੋ ਸੇਵਾ ਦੀ ਆੜ ਵਿੱਚ ਵਿਦਿਆ ਰੂਪੀ ਗਰੀਬ ਗਉ ਦਾ ਦੁਧ ਦਿਨ ਰਾਤ ਚੋ ਰਹੇ ਹਨ.ਅਜਿਹੇ ਲੋਕ ਸ਼ਾਨ-ਸ਼ੋਕਤ ਸਦਕਾ ਅਮੀਰ ਵਿਦਿਆਰਥੀਆਂ ਦੀ ਭੀੜ ਇੱਕਠੀ ਕਰਕੇ ਦਿਨ ਦੁੱਗਣੀ ਰਾਤ ਚੋਗਣੀ ਤਰੱਕੀ ਕਰ ਰਹੇ ਹਨ ਅਤੇ ਅਜਿਹੇ ਰੋਲੇ ਰੱਪੇ ਵਿੱਚ ਗਰੀਬ ਵਿਦਿਆਰਥੀ ਦੀਆਂ ਸਿਸਕੀਆਂ ਕੋਣ ਸੁਣੇ ਜੋ ਦਿਮਾਗੀ ਤੋਰ ਤੇ ਤਾਂ ਵਿਦਿਆ ਹਾਸਿਲ ਕਰਨ ਦਾ ਇਛੁੱਕ ਹੈ ਪਰ ਉਸਦੀ ਗਰੀਬੀ ਉਸਨੂੰ ਆਪਣੀ ਔਕਾਤ ਵਿੱਚ  ਹੀ ਰਹੀ ਕੇ ਰੇਹੜੀ ਜਾਂ ਰਿਕਸ਼ਾ ਚਲਾਉਣ ਵਾਸਤੇ ਮਜਬੂਰ ਕਰਦੀ ਹੈ . ਸਮੇਂ ਦੀਆਂ ਸਰਕਾਰਾਂ ਕਦੇ ਵੀ  ਗਰੀਬਾਂ ਦੀ ਗਰੀਬੀ ਦੂਰ ਕਰਨ ਵਾਸਤੇ ਵਪਾਰੀਆਂ ਨੂੰ ਨਾਰਾਜ਼ ਕਰਨ ਦੀ ਕੋਸ਼ਿਸ਼ ਨਹੀਂ ਕਰਦੀਆਂ .ਕਿਉਂਕਿ ਵਪਾਰੀਆਂ ਕੋਲੋਂ ਤਾਂ ਬਹੁਤ ਕੁਝ ਮਿਲਣਾ ਹੈ ਪਰ ਭਲਾ ਗਰੀਬਾਂ ਤੋਂ ਉਹਨਾਂ ਨੂੰ ਕੀ ਮਿਲਣਾ ਹੈ.ਗਰੀਬਾਂ ਨੂੰ ਤਾਂ ਵੈਸੇ ਹੀ ਭਿੰਨ-ਭਿੰਨ ਤਰਾਂ ਦੀਆਂ  ਸਕੀਮਾਂ ਦੇ ਲਛੇ ਖਿਲਾ ਦਿੱਤੇ ਜਾਂਦੇ ਹਨ.ਸਰਕਾਰੀ ਵਿਦਿਅਕ ਸੰਸਥਾਵਾਂ ਦੀ ਗੱਲ ਕਰੀਏ ਤਾਂ ਸਭ ਕੁਝ ਫ਼ਰੀ ਵਰਗਾ ਹੈ .ਪਰ ਉਹਨਾਂ ਦੀ ਸ਼ਾਨ-ਸ਼ੋਕਤ ਵੱਲ ਕੋਈ ਧਿਆਨ ਦੇਣ ਵਾਲਾ ਨਹੀਂ ਹੈ.ਖਰਚ ਤਾਂ ਬਹੁਤ ਹੁੰਦਾ ਹੈ ਪਰ ਜੋ ਚੀਜ਼ ਬਣਾਈ ਜਾਂਦੀ ਹੈ ਉਸਦੀ ਸਾਂਭ-ਸੰਭਾਲ ਕੀਤੀ ਜਾਵੇ ਤਾਂ ਸਰਕਾਰੀ ਸੰਸਥਾਵਾਂ ਪ੍ਰਾਇਵੇਟ ਅਧਾਰਿਆਂ ਦਾ ਮੁਕਾਬਲਾ ਕਰਨ ਯੋਗ ਹੋ ਸਕਦੀਆਂ ਹਨ.ਸਰਕਾਰੀ ਸੰਸਥਾਵਾਂ ਵਿੱਚ ਪੂਰੀ ਕਾਬਲੀਅਤ ਵਾਲਾ ਸਟਾਫ਼ ਹੁੰਦਾ ਹੈ .ਪਰ ਉਹਨਾਂ ਨੂੰ ਵਿਦਿਆ ਬਾਰੇ ਵਿਚਾਰ ਕਰਨ ਦੀ ਬਜਾਏ ਹੋਰ –ਹੋਰ  ਗੈਰ-ਵਿਦਿਅਕ ਡਿਉਟੀਆਂ ਵਿੱਚ ਉਲਝਾ ਕੇ ਉਸਦੀ ਆਪਣੀ ਪ੍ਰਾਪਤ ਕੀਤੀ ਵਿਦਿਆ ਨੂੰ ਵੀ ਖੋਰਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿਉਂਕਿ ਕੋਈ ਵੀ ਇਸ ਗੱਲ ਨੂੰ ਸਮਝਣ ਲਈ ਤਿਆਰ ਹੀ ਨਹੀਂ ਕਿ ਅਧਿਆਪਕ ਪੜਾਉਣ ਵੇਲੇ ਦਿਮਾਗੀ ਤੋਰ ਤੇ ਵਿਦਿਆਰਥੀ ਅਤੇ ਪਾਠ ਨਾਲ ਜੁੜਿਆ ਹੁੰਦਾ ਹੈ ਪਰ ਜਦੋਂ ਉਸਨੂੰ ਗੈਰ-ਵਿਦਿਅਕ ਕੰਮਾਂ ਵਿੱਚ ਭੇਜ ਦਿੱਤਾ ਜਾਂਦਾ ਹੈ ਤਾਂ ਉਹ ਆਪਣੀ ਮਾਨਸਿਕ ਸਥਿਤੀ ਦੇ ਸੰਤੁਲਣ ਵਿੱਚ ਗੜਬੜ ਮਹਿਸੂਸ ਕਰਦਾ ਹੈ ਅਤੇ ਨਾਂ ਤਾਂ ਉਸਦਾ ਧਿਆਨ ਪੂਰੀ ਤਰਾਂ ਵਿਦਿਆਰਥੀਆਂ ਵੱਲ ਇਕਾਗਰ ਹੋ ਪਾਂਦਾ ਹੈ ਅਤੇ ਨਾ ਹੀ ਉਹ ਗੈਰ-ਵਿਦਿਅਕ ਕੰਮ ਬਾਰੇ ਕੋਈ ਨਿਪੁੰਨਤਾ ਰਖਦਾ ਹੈ.ਜਿਸ ਕੰਮ ਬਾਰੇ ਉਸਦੀ ਨਿਪੁੰਨਤਾ ਹੈ ਉਸ ਵੱਲੋਂ ਉਸਦਾ ਬਾਰ-ਬਾਰ ਧਿਆਨ ਹਟਾਇਆ ਜਾਂਦਾ ਹੈ.ਅਦਾਲਤਾਂ ਦੇ ਫੈਸਲੇ ਅਜਿਹੇ ਕੇਸਾਂ ਬਾਰੇ ਜੋ ਮਰਜੀ ਹੋਣ ਪਰ ਸਰਕਾਰਾਂ ਤਾਂ ਆਪਣੇ ਕੰਮ ਉਸੇ ਤਰਾਂ ਹੀ ਚਲਾਉਂਦਿਆਂ ਰਹਿੰਦੀਆਂ ਹਨ.ਅਜੇਹੀ ਸਥਿਤੀ ਵਿੱਚ ਭਲਾ ਸਰਕਾਰੀ ਵਿਦਿਅਕ ਸੰਸਥਾਵਾਂ ਦੀ ਬੇਹਤਰੀ ਦੀ ਆਸ ਕਿਵੇਂ ਕੀਤੀ ਜਾ ਸਕਦੀ ਹੈ ਜਦੋਂ ਸਰਕਾਰਾਂ ਹੀ ਇਸ ਵਿਸ਼ੇ ਵੱਲ ਗੰਭੀਰਤਾ ਨਾਲ ਵਿਚਾਰ ਕਰਨ ਨੂੰ ਤਿਆਰ ਨਹੀਂ ਹਨ ਕਿ ਇਹਨਾਂ ਸੰਸਥਾਵਾਂ ਨੂੰ ਚਲਾਉਣ ਵਾਲੇ ਅਧਿਆਪਕ ਭਿੰਨ-ਭਿੰਨ ਕਿਸਮਾਂ ਦੀਆਂ ਗੈਰ-ਵਿਦਿਅਕ ਡਿਉਟੀਆਂ ਵਿੱਚ ਉਲਝੇ ਹੋਏ ਹਨ .ਸ਼ਾਇਦ ਅਜਿਹੇ ਹੀ ਹੋਰ ਬਹੁਤ ਸਾਰੇ ਕਾਰਣ ਹਨ ਜਿਹਨਾਂ ਸਦਕਾ ਸਰਕਾਰੀ ਅਧਾਰਿਆਂ ਦਾ ਅਕਸ ਧੁੰਦਲਾ ਪੈਂਦਾ ਹੈ.ਲੋੜ ਹੈ ਅੱਜ ਅਜਿਹੇ ਕਾਰਣਾਂ ਨੂੰ ਦੂਰ ਕੀਤਾ ਜਾਵੇ ਅਤੇ ਪ੍ਰਾਇਵੇਟ ਦੀ ਬਜਾਏ ਸਰਕਾਰੀ ਸੰਸਥਾਵਾਂ ਦਾ ਅਕਸ ਸੁਧਾਰਿਆ ਜਾਵੇ ਤਾਂ ਜੋ ਗਰੀਬ ਆਦਮੀ ਦਾ ਬੱਚਾ ਵੀ ਉਥੇ ਜਾ ਕੇ ਫਖਰ ਮਹਿਸੂਸ ਕਰੇ.

0 comments:

Post a Comment