ਆਓ ਰਲ੍ ਕੇ ਬੈਠੀਏ ਅਤੇ ਗੱਲਾਂ ਕਰੀਏ

ਅੱਜ ਦਾ ਯੁੱਗ ਸਾਇੰਸ ਦਾ ਯੁੱਗ ਹੈ.ਅਜਿਹਾ ਅਸੀਂ ਸਾਰੇ ਹੀ ਆਖਦੇ ਹਾਂ.ਸ਼ਾਇਦ ਇਸੇ ਕਰਕੇ ਅੱਜ ਦੇ ਯੁੱਗ ਵਿੱਚ ਆਦਮੀ ਇੱਕਲਾ ਪੈ ਗਿਆ ਹੈ.ਕਿਉਂਕਿ ਅਸੀਂ ਭੀੜ ਵਿੱਚ ਵੀ ਇੱਕਲੇ ਹੀ ਹਾਂ.

ਗੱਲਾਂ ਤਾਂ ਸਿਰਫ਼ ਮਾਂ ਕੋਲੋਂ ਸੁਣੀਆਂ ਜਾਂ ਪਿਉ ਕੋਲੋਂ ...

ਮੈਂ ਕਿਹਾ ਕਿ ਗੱਲਾਂ ਤਾਂ ਅਸੀਂ ਸਿਰਫ਼ ਮਾਨ ਕੋਲੋਂ ਹੀ ਸੁਣੀਆਂ ਜਾਂ ਪਿਉ ਕੋਲੋਂ ਲੋਕਾਂ ਕੋਲੋਂ ਤਾਂ ਗੱਲਾਂ ਨਹੀਂ ਗਾਲ੍ਹਾਂ ਹੀ ਸੁਣੀਆਂ ਹਨ.ਮੇਰੀ ਹਰ ਤਰਾਂ ਦੀ ਗਲਤੀ ਨੂੰ ਸਿਰਫ਼ ਮਾਂ ਹੀ ਛੁਪਾਉਂਦੀ ਸੀ.

ਕੋਈ ਕਿਸੇ ਨੂੰ ਕੁਝ ਨਹੀਂ ਸਿਖਾ ਸਕਦਾ

ਕੋਈ ਵੀ ਆਦਮੀ ਜੇਕਰ ਕਹੇ ਕਿ ਮੈਂ ਕਿਸੇ ਨੂੰ ਕੁਝ ਸਿਖਾਇਆ ਹੈ ਤਾਂ ਸ਼ਾਇਦ ਉਹ ਝੂਠ ਨਾ ਬੋਲਕੇ ਵੀ ਇਸ ਤਥ ਤੋਂ ਅਨਜਾਨਹੋਵੇ ਕਿ ਕੋਈ ਵੀ ਕਿਸੇ ਨੂੰ ਕੁਝ ਨਹੀ ਸਿਖਾ ਸਕਦਾ.ਕਿਉਂਕਿ ਇਹ ਤਾਂ ਸਿਖਣ ਵਾਲੇ ਤੇ ਨਿਰਭਰ ਹੈ ਕਿ ਉਸਨੇ ਸਿਖਣਾ ਹੈ ਜਾਂ ਨਹੀਂ.

ਰੱਬ ਸਭ ਦੇਖਦਾ ਹੈ.

ਅਸੀਂ ਅਕਸਰ ਲੋਕਾਂ ਨੂੰ ਕਹਿੰਦੇ ਸੁਣੀਆਂ ਹੈ ਕਿ ਰੱਬ ਸਭਕੁਝ ਦੇਖਦਾ ਹੈ ਜੇਕਰ ਉਹ ਦੇਖਦਾ ਹੈ ਤਾਂ ਅਸੀਂ ਸਭ ਮਾੜੇ ਕੰਮਾਂ ਵਿੱਚ ਕਿਉਂ ਫ਼ਸੇ ਹੋਏ ਹਾਂ.ਕੀ ਲੋਕਾਂ ਨੂੰ ਰੱਬ ਦਾ ਕੋਈ ਡਰ ਭੈ ਨਹੀਂ ਹੈ ?

ਸ਼ੋਂਕ ਦਾ ਕੋਈ ਮੁੱਲ ਨਹੀਂ ਹੁੰਦਾ.

ਕਹਿੰਦੇ ਹਨ ਕਿ ਸ਼ੋਂਕ ਦਾ ਕੋਈ ਮੁੱਲ ਨਹੀਂ ਹੁੰਦਾ ਇਹ ਗੱਲ ਵੈਸੇ ਬਿਲਕੁਲ ਸਹੀ ਹੈ.ਮੈਨੂੰ ਕਿਤਾਬਾਂ ਪੜਨ ਦਾ ਬਹੁਤ ਸ਼ੋਂਕ ਹੈ,ਜੇਕਰ ਮੈਨੂੰ ਕੋਈ ਕਿਤਾਬ ਪਸੰਦ ਆ ਜਾਵੇ ਤਾਂ ਫਿਰ ਉਸਦੀ ਕੀਮਤ ਕਿਉਂ ਦੇਖਾਂ ...?

Thursday, April 30, 2015

ਨਕਲੀ ਗੀਤਾਂ ਨੇ ਅਸਲੀ ਗੀਤਾਂ ਨੂੰ ਭੁਲਾਇਆ ..........?

ਅੱਜ ਟੇਲੀਵਿਜਨ ਉੱਤੇ ਇੱਕ ਅਜਿਹਾ ਗੀਤ ਸੁਣਿਆ ਜੋ ਕਾਫੀ ਸੁਣਿਆ-ਸੁਣਿਆ ਲਗਦਾ ਸੀ .ਬਾਅਦ ਵਿੱਚ ਖਿਆਲ ਆਇਆ ਕਿ ਇਸ ਗੀਤ ਨੂੰ ਕਦੇ ਅਸੀਂ ਮਾਸਟਰ ਸਲੀਮ ਦੀ ਆਵਾਜ਼ ਵਿੱਚ ਸੁਣਿਆ ਸੀ .ਅੱਜਕੱਲ ਬਹੁਤ ਸਾਰੇ ਅਜਿਹੇ ਹੀ ਗੀਤ ਆ ਰਹੇ ਹਨ ਜੋ ਪੁਰਾਣੇ ਗੀਤਾਂ ਦੀਆਂ ਨਕਲਾਂ ਹੀ ਹਨ.ਚਾਹੇ ਫਿਲਮਾਂ ਹੋਣ ਜਾਂ ਗੀਤ ਕਦੇ ਕਦੇ ਤਾਂ ਇੰਝ ਲਗਦਾ ਹੈ ਜਿਵੇਂ ਅਸਲੀ ਨਾਵਲਕਾਰ ਗੀਤਕਾਰ ਅਤੇ ਫ਼ਿਲਮਕਾਰ ਸਬਕੁਝ ਗਾਇਬ ਹੀ ਹੋ ਗਿਆ ਹੈ.ਕਿਸੇ ਫਿਲਮ ਵਿੱਚ ਜਾਂ ਕਿਸੇ ਗੀਤ ਵਿੱਚ ਗੁਰਦਾਸ ਮਾਨ,ਬਿੰਦਰਖਿਆ,ਕੁਲਦੀਪ ਮਾਣਕ,ਸੁਰਿੰਦਰ ਕੋਰ ਆਦਿ ਵਰਗੇ ਦਿਮਾਗ ਨਜਰ ਨਹੀਂ ਆਉਂਦੇ .ਬਸ ਨਕਲਾਂ ਹੀ ਮਾਰ ਰਹੇ ਹਨ .ਪਰ ਅੱਜਕੱਲ ਦੀ ਪੀੜੀ ਨੂੰ ਪੁਰਾਣੀਆਂ  ਰਚਨਾਵਾਂ ਬਾਰੇ ਜਾਣੂੰ ਨਹੀਂ ਹੈ ਇਸ ਲਈ ਉਹਨਾਂ ਨੂੰ ਇਸ ਬਾਰੇ ਕੋਈ ਬਹੁਤਾ ਪਤਾ ਨਹੀਂ ਲਗਦਾ ਹੈ.


ਖੈਰ ਜੋ ਗੀਤ ਮੈਂ ਸੁਣ ਰਿਹਾ ਸੀ ਮੇਰਾ ਦਿਲ ਕੀਤਾ ਕਿ ਮੈਂ ਅਸਲੀ ਗੀਤ ਮਾਸਟਰ ਸਲੀਮ ਦੀ ਆਵਾਜ਼ ਵਿੱਚ ਹੀ ਸੁਣਾ.ਇਸਲਈ ਮੈਂ ਯੂ-ਟਿਊਬ ਤੇ ਇਹ ਗੀਤ ਸੁਣਿਆਂ ਅਤੇ ਤੁਹਾਡੀ ਖ਼ਿਦਮਤ ਵਿੱਚ ਵੀ ਇਹ ਗੀਤ ਇਸ ਬਲੋਗ ਵਿੱਚ ਪਾ ਦਿੱਤਾ ਹੈ ਤਾਂ ਤੋ ਅਸਲੀ ਪੁਰਾਣੇ ਗੀਤ ਦਾ ਤੁਸੀਂ ਵੀ ਆਨੰਦ ਲਈ ਸਕੋ .

Monday, April 20, 2015

ਸਾਡੇ ਸ਼ੁਧ ਭੋਜਨ ਦਾ ਸਚ

ਮੇਰੇ ਇੱਕ ਮਿੱਤਰ ਬਾਰੇ ਮੈਂ ਇੱਕ ਨਕਾਰਾਤਮਕ ਗੱਲ ਕਿਸੇ ਕੋਲੋਂ ਇਹ ਸੁਣੀਂ ਕਿ ਉਹ ਇੰਨਾਂ ਕੰਜੂਸ ਹੈ ਕਿ ਹਮੇਸ਼ਾਂ ਕਾਣੇ ਬੈਂਗਣ ਅਤੇ ਖਰਾਬ ਆਲੂ ਅਤੇ ਕੀੜਾ ਲੱਗੀ ਸਬਜੀਆਂ ਹੀ ਖਰੀਦ ਕੇ ਘਰ ਲੈਕੇ ਜਾਂਦਾ ਹੈ.ਮੈਂ ਜਦੋਂ ਖੁਦ ਉਸ ਮਿੱਤਰ ਨੂੰ ਇਸਦਾ ਕਾਰਣ ਪੁਛਿਆ ਤਾਂ ਉਸਨੇ ਜੋ ਗੱਲ ਕਹੀ ਉਸਨੂੰ ਸੁਣ ਕੇ ਮੈਂ ਵੀ ਸੋਚ ਵਿੱਚ ਪੈ ਗਿਆ.ਉਸਨੇ ਕਿਹਾ ਕਿ ਜੋ ਫਲ ਜਾਂ ਸਬਜੀਆਂ ਕੀੜਾ ਲੱਗੀਆਂ ਹਨ ਇਸਦਾ ਮਤਲਬ ਹੈ ਕਿ ਉਹਨਾਂ ਨੂੰ ਕਿਸੇ ਨੇ ਖਾਦ ਨਹੀਂ ਪਾਈ ਹੋਈ ,ਕਿਉਂਕਿ ਖਾਦ ਵਾਲੀ ਸਬਜੀ ਜਾਂ ਫਲ ਹਮੇਸ਼ਾਂ ਵਧੀਆ ਅਤੇ ਚਮਕਦਾਰ ਦਿਖਾਈ ਦੇਂਦਾ ਹੈ.ਉਸਦੀ ਗੱਲ ਸੁਣ ਕੇ ਮੈਂ ਵਾਕਈ ਸੋਚ ਵਿੱਚ ਪੈ ਗਿਆ.ਮੈਨੂੰ ਇਸ ਬਾਰੇ ਕੋਈ ਵਿਗਿਆਨਕ ਸਚਾਈ ਦਾ ਤਾਂ ਨਹੀਂ ਪਤਾ ,ਪਰ ਸੋਚਣ ਵਾਲੀ ਗੱਲ ਜਰੁਰ ਹੈ .ਕਿਉਂਕਿ ਉਹ ਖੁਦ ਇੱਕ ਜੀਵ-ਵਿਗਿਆਨ ਦਾ ਲੇਕਚਰਰ ਸੀ.
  ਬੀਤੇ ਕੱਲ ਮੈਂ ਇੱਕ ਮਰਗ ਵਾਲੇ ਸਥਾਨ ਤੇ ਅਫਸੋਸ ਕਰਨ ਲਈ ਬੈਠਾ ਸੀ .ਜੋ ਆਦਮੀ ਮਰ ਗਿਆ ਹੈ ਉਸਨੂੰ ਤਾਂ ਕੇਵਲ ਉਸਦੇ ਘਰ ਵਾਲੇ ਹੀ ਕੁਝ ਕਾਰਣਾਂ ਕਰਕੇ ਰੋਂਦੇ ਹਨ .ਬਾਕੀ ਜਿਤਨੇ ਵੀ ਲੋਕ ਅਫਸੋਸ ਕਰਨ ਦਾ ਫਰਜ਼ ਨਿਭਾਉਣ ਆਉਂਦੇ ਹਨ ਉਹ ਵੀ ਕੇਵਲ ਮਰਨ ਵਾਲੇ ਬਾਰੇ ਇੱਕ ਦੋ ਗੱਲ ਤੋਂ ਬਾਅਦ ਆਪਣੀ ਦੁਨੀਆਂ ਦਾਰੀ ਦੀਆਂ ਗੱਲਾਂ ਵਿੱਚ ਖੁੱਬ ਜਾਂਦੇ ਹਨ .ਅਜਿਹੀ ਗੱਲ ਜੋ ਮੈਂ ਕਰਨ ਜਾ ਰਿਹਾ ਹਾਂ ਇਸਦਾ ਵਿਸ਼ਾ ਵੀ ਉਸ ਸਮੇਂ ਚਲਿਆ .ਵਿਸ਼ਾ ਇਹ ਸੀ ਕਿ ਅਜੋਕੇ ਸਮੇਂ ਵਿੱਚ ਭਲਾ ਕਿਹੜਾ ਬੰਦਾ ਹੈ ਜੋ ਇਸ ਗੱਲ ਦਾ ਦਾਅਵਾ ਕਰ ਸਕਦਾ ਹੋਵੇ ਕਿ ਉਸਨੇ ਆਪਣੇ ਜੀਵਨ ਵਿੱਚ ਕਦੇ ਦਵਾਈ ਦਾ ਪ੍ਰਯੋਗ ਨਹੀਂ ਕੀਤਾ ਹੈ.ਇੱਕ ਆਦਮੀ ਨੇ ਦੱਸਿਆ ਕਿ ਜੋ ਕੁਝ ਵੀ ਅਸੀਂ ਖਾਂਦੇ ਹਾਂ, ਉਸ ਸਭ ਵਿਚੋਂ ਕੁਝ ਵੀ ਸ਼ੁਧ ਨਹੀਂ ਹੈ.ਇਥੋਂ ਤੱਕ ਕਿ ਜਿਹੜਾ ਦੁਧ ਅਸੀਂ ਸ਼ੁਧ ਸਮਝਕੇ ਪੀਂਦੇ ਹਾਂ ਉਸ ਵਿੱਚ ਵੀ ਅਜਿਹੇ ਢੰਗ ਨਾਲ ਮਿਲਾਵਟਾਂ ਕੀਤੀਆਂ ਜਾਂਦੀਆਂ ਹਨ ਕਿ ਦਿਮਾਗ ਦੰਗ ਰਹਿ ਜਾਂਦਾ ਹੈ.ਇੱਕ ਨੇ ਦੱਸਿਆ ਕਿ ਦੁਧ ਦੀਆਂ ਡਾਇਰੀਆਂ ਤੇ ਇੱਕ ਆਦਮੀਂ ਦਾ ਕੰਮ ਸਿਰਫ ਮਝਾਂ ਨੂੰ ਟੀਕਾ ਲਗਾਉਣ ਦਾ ਹੁੰਦਾ ਹੈ ਅਤੇ ਦੂਸਰੇ ਉਹਨਾਂ ਟੀਕਾ ਲੱਗੇ ਜਾਨਵਰਾਂ ਦਾ ਦੁਧ ਚੋਂਦੇ ਹਨ.ਇਸ ਤਰਾਂ ਸਾਰੇ ਗਾਵਾਂ ਮਝਾਂ ਦਾ ਦੁਧ ਟੀਕੇ ਲਗਾ ਕੇ ਹੀ ਚੋਇਆ ਜਾਂਦਾ ਹੈ.ਜੇਕਰ ਇੱਕ ਜਾਨਵਰ ਇੱਕ ਟੀਕਾ ਲਗਵਾ ਕੇ ਫਟਾਫਟ ਦੁਧ ਦੇਣ ਲੱਗ ਪੈਂਦਾ ਹੈ ਤਾਂ ਉਸ ਟੀਕਿਆਂ ਦੇ ਬੁਰੇ ਅਤੇ ਨਕਾਰਾਤਮਕ  ਪ੍ਰਭਾਵ ਮਨੁਖਾਂ ਉੱਤੇ ਵੀ ਤਾਂ ਪੈਂਦੇ ਹਨ.ਇਹੀ ਟੀਕੇ ਮਨੁਖ ਅੰਦਰ ਬਿਮਾਰੀਆਂ ਪੈਦਾ ਕਰਦੇ ਹਨ.
ਦੂਜੇ ਪਾਸੇ ਖੇਤਾਂ ਵਿੱਚ ਕਿਸਾਨ ਆਪਣੀ ਜਿੰਸ ਦੀ ਪੈਦਾਵਾਰ ਵਧਾਉਣ ਵਾਸਤੇ ਖੇਤਾਂ ਵਿੱਚ ਜੋ ਦਵਾਈਆਂ ਦਾ ਪ੍ਰਯੋਗ ਕਰਦੇ ਹਨ ਉਹ ਵੀ ਵਿਗਿਆਨਕ ਤੋਰ ਤੇ ਮਿਥੀ ਗਈ ਮਿਕਦਾਰ ਤੋਂ ਕੀਤੇ ਵਧ ਦਾ ਪ੍ਰਯੋਗ ਕਰਦੇ ਹਨ ਜਿਹਨਾਂ ਦੇ ਮਨੁਖੀ ਸ਼ਰੀਰਾਂ ਉੱਪਰ ਉਲਟੇ ਪ੍ਰਭਾਵ ਪੈਂਦੇ ਹਨ,ਇਹੀ ਕਾਰਣ ਹੈ ਕਿ ਅੱਜਕਲ ਸਾਰੇ ਲੋਕ ਭਿੰਨ-ਭਿੰਨ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ .ਅਜਿਹੀਆਂ ਬਿਮਾਰੀਆਂ ਜੋ ਕਦੇ-ਕਦੇ ਡਾਕਟਰਾਂ ਦੀ ਸਮਝ ਤੋਂ ਵੀ ਪਰੇ ਦੀਆਂ ਹੁੰਦੀਆਂ ਹਨ .ਪਹਿਲਾਂ ਮਨੁਖ ਦੀ ਖੁਰਾਕ ਸਦਕਾ ਹੀ ਸਿਹਤ ਚੰਗੀ ਹੁੰਦੀ ਸੀ .ਅੱਜਕਲ ਇਹਨਾਂ ਖੁਰਾਕਾਂ ਕਾਰਣ ਹੀ ਸਿਹਤ ਖਰਾਬ ਹੋ ਰਹੀ ਹੈ.ਚਾਲੀ ਸਾਲ ਦੀ ਉਮਰ ਤਕ ਪਹੁੰਚਦੇ ਹੀ ਬਿਮਾਰੀਆਂ ਵੀ ਮਿਲਣ ਲਈ ਆ ਜਾਂਦੀਆਂ ਹਨ.ਦਰਦਾਂ ਬਾਰੇ ਸਾਰੇ ਪਰੇਸ਼ਾਨ ਹਨ.ਕੋਈ ਸਿਰ ਦਰਦ, ਕੋਈ ਦੰਦ ਦਰਦ ,ਕਿਸੇ ਨੂੰ ਗਰਦਨ ਦਾ ਦਰਦ, ਕਿਸੇ ਨੂੰ ਪੇਟ ਦਾ ਦਰਦ ਅਤੇ ਕਿਸੇ ਨੂੰ ਜੋੜਾਂ ਦਾ ਦਰਦ ਪਰੇਸ਼ਾਨ ਕਰ ਰਿਹਾ ਹੈ.
ਜਦੋਂ ਅਸੀਂ ਆਪਣੇ ਬਚਪਨ ਵੱਲ ਝਾਤ ਮਾਰੀਏ ਤਾਂ ਦੇਖਦੇ ਹਾਂ ਕਿ ਉਸ ਵੇਲੇ ਬਚੇ ਮਿੱਟੀ ਖਾਂਦੇ ਸੀ ਪਰ ਫਿਰ ਵੀ ਕਦੇ ਉਹਨਾਂ ਨੂੰ ਪਥਰੀ ਨਹੀਂ ਸੀ ਹੁੰਦੀ ਅੱਜਕਲ ਤਾਂ ਹਰ ਪਾਸੇ ਸਾਫ਼ ਸਫਾਈ ਦਾ ਪ੍ਰਬੰਧ ਹੈ.ਅੱਜ ਦੇ ਬਚੇ ਮਿੱਟੀ ਵੀ ਨਹੀਂ ਖਾਂਦੇ ਫਿਰ ਵੀ ਪਥਰੀਆਂ ਹੋ ਰਹੀਆਂ ਹਨ.

Sunday, April 19, 2015

ਮਾਸਟਰ ਜੀ

ਕਾਫੀ ਸਮੇਂ ਪਹਿਲਾਂ ਦੀ ਗੱਲ ਹੈ ਮੇਰੇ ਇੱਕ ਸਹਿਯੋਗੀ ਮਿੱਤਰ ਨੇ ਸੁਝਾਉ ਦਿੱਤਾ ਕੀ ਮੈਨੂੰ ਇੱਕ ਨਾਵਲ ਲਿਖਣਾ ਚਾਹੀਦਾ ਹੈ ਜਿਸਦਾ ਨਾਮ ਹੋਵੇ ਮਾਸਟਰ ਜੀ.ਇਸ ਵਿੱਚ ਇੱਕ ਇਮਾਨਦਾਰ ਅਧਿਆਪਕ ਦੀ ਜਿੰਦਗੀ ਦਾ ਪੂਰਾ ਵਿਵਰਣ ਹੋਵੇ.ਉਹ ਕਿਵੇਂ ਆਪਣੇ ਪਰਿਵਾਰ,ਸਮਾਜ,ਅਫਸਰਾਂ,ਸਰਕਾਰਾਂ,ਅਤੇ ਆਪਣੇ ਵਿਦਿਆਰਥੀਆਂ ਨਾਲ ਤਾਲਮੇਲ ਬਿਠਾਉਣ ਦੀ ਕੋਸ਼ਿਸ਼ ਕਰਦਾ ਰਹਿੰਦਾ ਹੈ.ਅਤੇ ਇੰਨਾਂ ਸਭਕੁਝ ਹੋਣ ਦੇ ਬਾਵਜ਼ੂਦ ਵੀ ਸਮਾਜ ਉਸ ਬਾਰੇ ਕੀ ਸੋਚਦਾ ਹੈ.ਖੈਰ ਜਦੋਂ ਮੇਰੇ ਮਿੱਤਰ ਨੇ ਇਹ ਗੱਲ ਕਹੀ ਸੀ ਉਸ ਵੇਲੇ ਮੇਰਾ ਆਪਣਾ ਕੋਈ ਤਜਰਬਾ ਨਹੀਂ ਸੀ ਕਿਉਂਕਿ ਮੈਂ ਨਵਾਂ-ਨਵਾਂ ਹੀ ਸੀ.ਪਰ ਅੱਜ ਜੇਕਰ ਥੋੜਾ ਬਹੁਤ ਤਜਰਬਾ ਹੈ ਤਾਂ ਮੈਨੂੰ ਉਸ ਮਿੱਤਰ ਦੇ ਬਾਰੇ ਕੋਈ ਖਬਰ ਨਹੀਂ ਹੈ.ਅੱਜ ਮੈਂ ਨਾਵਲ ਤਾਂ ਨਹੀਂ ਲਿਖ ਰਿਹਾ ਪਰ ਕੁਝ ਗੱਲਾਂ ਜਰੂਰ ਸਾਂਝੀਆਂ ਕਰਨ ਦਾ ਖਿਆਲ ਹੈ.
     ਜਦੋਂ ਅਸੀਂ ਆਖਦੇ ਹਾਂ ਕੀ ਸਰਕਾਰੀ ਸਕੂਲਾਂ ਦੀ ਹਾਲਤ ਮਾੜੀ ਕਿਉਂ ਹੈ ਅਤੇ ਲੋਕ ਆਪਣੇ ਬੱਚੇ ਸਰਕਾਰੀ ਸਕੂਲਾਂ ਵਿਚ ਭੇਜਣ ਵਾਸਤੇ ਤਿਆਰ ਕਿਉਂ ਨਹੀਂ ਹੁੰਦੇ.ਜਦਕਿ ਸਰਕਾਰੀ ਸਕੂਲਾਂ ਦੇ ਟੀਚਰ ਸਭ ਤੋਂ ਵਧ ਕਾਬਿਲ ਹੁੰਦੇ ਹਨ.ਉਹਨਾਂ ਦੀ ਭਰਤੀ ਦਾ ਆਧਾਰ ਹੀ ਲਿਆਕਤ ਹੁੰਦਾ ਹੈ ਤਾਂ ਫਿਰ ਉਹਨਾਂ ਨੂੰ ਅਸੀਂ ਸਹੀ ਨਜ਼ਰਿਏ ਨਾਲ ਕਿਉਂ ਨਹੀਂ ਦੇਖਦੇ ? ਇਸ ਗੱਲ ਦਾ ਪਤਾ ਭਾਵੇਂ ਸਾਰੇ ਆਖਦੇ ਹਨ ਕਿ ਸਾਨੂੰ ਪਤਾ ਹੈ ਪਰ ਮੇਰਾ ਖਿਆਲ ਹੈ ਕਿ ਇਸ ਬਾਰੇ ਵਾਕਈ ਕਿਸੇ ਨੂੰ ਨਹੀਂ ਪਤਾ ਹੈ ਕਿ ਸਰਕਾਰੀ ਅਧਿਆਪਕ ਕਿਵੇਂ ਇੱਕ ਅਭਿਮਨਿਉ ਦੀ ਤਰਾਂ ਇੱਕਲਾ ਹੀ ਆਪਣੇ ਕਿੱਤੇ ਵਿੱਚ ਆਉਣ ਵਾਲਿਆਂ ਬੇਲੋੜੀਆਂ ਮੁਸ਼ਕਿਲਾਂ ਦੇ ਯੁਧਖੇਤਰ ਵਿੱਚ ਜੂਝ ਰਿਹਾ ਹੁੰਦਾ ਹੈ.ਜਿੰਨੀ ਦੇਰ ਤੱਕ ਅਸੀਂ ਮਾਸਟਰ ਦੀ ਨਜਰ ਨਾਲ ਇਸਨੂੰ ਨਹੀਂ ਦੇਖਦੇ ਸਾਨੂੰ ਇਸ ਖੇਤਰ ਦੀ ਮੁਸ਼ਕਿਲਾਂ ਬਾਰੇ ਕੋਈ ਅੰਦਾਜ਼ਾ ਨਹੀਂ ਲੱਗ ਸਕਦਾ.ਸਿਰਫ਼ ਖਿਆਲੀ ਗੁੱਸਾ ਹੀ ਉਹਨਾਂ ਪ੍ਰਤੀ ਅਸੀਂ ਜਾਹਰ ਕਰ ਸਕਦੇ ਹਾਂ .
ਜਦੋਂ ਕੋਈ ਮਾਸਟਰ ਬਣਨ ਵਾਸਤੇ ਕੋਰਸ ਕਰਦਾ ਹੈ ਤਾਂ ਉਸਨੂੰ ਕੇਵਲ ਇੱਸ ਗੱਲ ਦਾ ਹੀ ਪਤਾ ਹੁੰਦਾ ਹੈ ਕੀ ਟੀਚਰ ਦੇਸ਼ ਦਾ ਨਿਰਮਾਤਾ ਹੁੰਦਾ ਹੈ ਅਤੇ ਇਹ ਇੱਕ ਇਮਾਨਦਾਰ ਕਿੱਤਾ ਹੈ .ਉਹ ਤਨੋਂ-ਮਨੋਂ-ਧਨੋਂ ਇਸ ਟੀਚੇ ਨੂੰ ਪੂਰਾ ਕਰਨ ਵਾਸਤੇ ਸੁਪਨੇ ਸਜਾਉਣ ਲਗਦਾ ਹੈ ਅਤੇ ਘਰ ਦਾ ਦਾਲ-ਰੋਟੀ ਚਲਾਉਣ ਵਾਸਤੇ ਉਹ ਟਿਊਸ਼ਨ ਵੀ ਕਰਦਾ ਹੈ. ਉਸਦੀ ਹਾਲਤ "ਦੋ-ਦੁਨੀ-ਚਾਰ" ਫਿਲਮ ਦੇ ਹੀਰੋ ਰਿਸ਼ੀ ਕਪੂਰ ਵਰਗੀ ਹੁੰਦੀ ਹੈ.ਪਰ ਜਦੋਂ ਸਰਕਾਰੀ ਨੋਕਰੀ ਵਿਚ ਆਉਂਦਾ ਹੈ ਤਾਂ ਉਸਨੂੰ ਵਿਦਿਅਕ ਵਿਭਾਗ ਬਾਰੇ ਜੋ ਕੁਝ ਪਤਾ ਲਗਦਾ ਹੈ ਅਤੇ ਜੋ-ਜੋ ਤਜ਼ਰਬੇ ਉਸਨੂੰ ਹੁੰਦੇ ਹਨ ਉਹਨਾਂ ਬਾਰੇ ਉਸਨੇ ਆਪਣੀ ਜਿੰਦਗੀ ਵਿੱਚ ਕਦੇ ਸੋਚਿਆ ਵੀ ਨਹੀਂ ਹੁੰਦਾ.
ਉਹ ਤਾਂ ਕੇਵਲ ਇਮਾਨਦਾਰੀ ਨਾਲ ਦੇਸ਼ ਦੇ ਭਵਿਖ (ਬੱਚਿਆਂ ਦਾ ਭਵਿਖ) ਦਾ ਨਿਰਮਾਣ ਕਰਨ ਵਾਸਤੇ ਆਪਣੀ ਸ਼ੁਰੁਆਤ ਕਰਦਾ ਹੈ.ਪਰ ਜਿਉਂ-ਜਿਉਂ ਤਜਰਬਾ ਹੁੰਦਾ ਹੈ ਤਾਂ ਪਤਾ ਲਗਦਾ ਹੈ ਕਿ ਅਸਲੀਅਤ ਅਤੇ ਸੁਪਨਿਆਂ ਵਿਚ ਜ਼ਮੀਨ-ਅਸਮਾਨ ਦਾ ਫਰਕ ਹੁੰਦਾ ਹੈ.ਜਿਸ ਕਿੱਤੇ ਬਾਰੇ ਇੱਕ ਅਧਿਆਪਕ ਨੂੰ ਵੀ ਆਪਣੇ ਖੇਤਰ ਵਿਚ ਆਉਣ ਤੋਂ ਪਹਿਲਾਂ ਪੂਰੀ ਜਾਣਕਾਰੀ ਨਹੀਂ ਹੁੰਦੀ ਉਸ ਬਾਰੇ ਅਸੀਂ ਸਾਰੇ ਕਿਵੇਂ ਆਖ ਸਕਦੇ ਹਾਂ ਕਿ ਸਾਨੂੰ ਇਹਨਾਂ ਬਾਰੇ ਸਭਕੁਝ ਪਤਾ ਹੈ.
ਪ੍ਰਾਇਵੇਟ ਸਕੂਲਾਂ ਦੇ ਟੀਚਰ ਕਦੋਂ ਅਸੀਂ ਦੇਖੇ ਹਨ ਕਿ ਉਹ ਸਕੂਲ ਦੀ ਇਮਾਰਤ ਬਨਵਾ ਰਹੇ ਹਨ ਅਤੇ ਖਾਤਿਆਂ ਦਾ ਹਿਸਾਬ ਕਿਤਾਬ ਰਖ ਰਹੇ ਹਨ .ਕਦੋਂ ਅਸੀਂ ਦੇਖਿਆ ਹੈ ਕੀ ਉਹ ਘਰੋ-ਘਰੀਂ ਜਾ ਕੇ ਵੋਟਾਂ ਦੀਆਂ ਡਿਉਟੀਆਂ ਦੇ ਰਹੇ ਹਨ ਜਾਂ ਹੋਰ ਗੈਰ-ਵਿਦਿਅਕ ਡਿਉਟੀਆਂ ਦੇ ਰਹੇ ਹਨ.ਉਹਨਾਂ ਨੂੰ ਸਿਰਫ਼ ਪੜਾਉਣ ਤੋਂ ਇਲਾਵਾ ਕੋਈ ਹੋਰ ਕੰਮ ਨਹੀਂ ਹੁੰਦਾ .ਜਿਵੇਂ ਇੱਕ ਡਾਕੀਏ ਨੂੰ ਪਤਾ ਹੈ ਕੀ ਉਸਦਾ ਕੰਮ ਕੇਵਲ ਡਾਕ ਵੰਡਣ ਦਾ ਹੈ ,ਇੱਕ ਬੈਂਕ ਕਰਮਚਾਰੀ ਸਿਰਫ਼ ਕੈਸ਼ ਆਦਿ ਦਾ ਕੰਮ ਕਰਦਾ ਹੈ.ਡਾਕਟਰ ਕੇਵਲ ਮਰੀਜ਼ ਦੇਖਦਾ ਹੈ.ਅਰਥਾਤ ਹਰ ਕੋਈ ਮੁਲਾਜ਼ਮ ਆਪਣੇ ਆਪਣੇ ਕਿੱਤੇ ਨਾਲ ਸੰਬੰਧਤ ਕੰਮ ਹੀ ਕਰਦੇ ਹਨ.ਪਰ ਅਧਿਆਪਕ ਦਾ ਕਿੱਤਾ ਅਜਿਹਾ ਨਹੀਂ ਹੈ.ਉਹ ਪੜਾਉਣਾ ਚਾਹੁੰਦਾ ਹੈ.ਪਰ ਉਸਨੂੰ ਹੋਰ ਕਈ ਤਰਾਂ ਦੀਆਂ ਗੈਰ-ਵਿਦਿਅਕ ਡਿਉਟੀਆਂ ਉਸਦਾ ਧਿਆਨ ਉਸਦੇ ਕਿੱਤੇ ਤੋਂ ਦੂਰ ਲੈ ਜਾਂਦੀਆਂ ਹਨ. ਉਸਦਾ ਆਪਣੇ ਵਿਦਿਆਰਥੀਆਂ ਨੂੰ ਪਾਠ ਪੜਾਉਣ ਸਮੇਂ ਜੋ ਲਿੰਕ ਬਣਿਆ ਹੁੰਦਾ ਹੈ ਉਸਤੋਂ ਉਸਨੂੰ ਉਖਾੜ ਦਿੱਤਾ ਜਾਂਦਾ ਹੈ ਅਤੇ ਕਿਸੇ ਨਾ ਕਿਸੇ ਹੋਰ ਪਾਸੇ ਉਲਝਾ ਕੇ ਰਖਿਆ ਜਾਂਦਾ ਹੈ. ਵਿਦਿਆਰਥੀਆਂ ਨਾਲ ਬਣੇ ਰਿਸ਼ਤੇ ਨੂੰ ਤੋੜ ਕੇ ਉਸਨੂੰ ਭਿੰਨ-ਭਿੰਨ ਇਲਾਕਿਆਂ ਵਿੱਚ ਭੇਜ ਕੇ ਅਜਿਹੇ ਡਾਟਾ ਇੱਕਠੇ ਕਰਵਾਏ ਜਾਂਦੇ ਹਨ ਜਿਹਨਾਂ ਦਾ ਉਸਦੀ ਪੜਾਈ ਦੇ ਕਿੱਤੇ ਨਾਲ ਕੋਈ ਸੰਬੰਧ ਨਹੀਂ ਹੁੰਦਾ.ਹਾਂ ਇੱਕ ਨਵਾਂ ਤਜਰਬਾ ਜਰੂਰ ਹੁੰਦਾ ਹੈ ਜਿਸ ਬਾਰੇ ਲੋਕ ਨਹੀਂ ਜਾਣਦੇ ਅਤੇ ਨਾ ਹੀ ਹੁਕਮ ਦੇਣ ਵਾਲੇ ਅਫਸਰ ਹੀ ਜਾਣਦੇ ਹਨ.ਕਿਉਂਕੀ ਉਹ ਆਪਣੀਆਂ ਮੁਸ਼ਕਿਲਾਂ ਨੂੰ ਕਿਸ ਨਾਲ ਜਾ ਕੇ ਨਿਪਟਾਰਾ ਕਰਵਾਏ ਇਸ ਬਾਰੇ ਕੁਝ ਪ੍ਰਬੰਧ ਨਹੀਂ ਹੈ.ਉਸਦੇ ਸਮੀਪੀ ਅਫਸਰ ਤਾਂ ਉਸ ਨਾਲ ਇਸ ਤਰਾਂ ਵਤੀਰਾ ਕਰਦੇ ਹਨ ਜਿਵੇਂ ਉਹ ਇੱਕ ਅਫੀਮ ਚੋਰ ਹੋਵੇ.ਖੈਰ ਉਹ ਘਰੋ-ਘਰੀਂ ਜਾਂਦਾ ਹੈ ਅਤੇ ਸਮਾਜ ਬਾਰੇ ਇੱਕ ਨਵੀਂ ਸੋਚ ਅਤੇ ਧਰਨਾ ਬਣਦੀ ਹੈ ਜੋ ਲੋਕ ਸਰਕਾਰਾਂ ਬਾਰੇ ਸੋਚਦੇ ਹਨ .
ਇਸਤੋਂ ਬਾਅਦ ਘਰੋ ਘਰੀਂ ਜਾ ਕੇ ਹੀ ਪਤਾ ਲਗਦਾ ਹੈ ਕਿ ਲੋਕਾਂ ਦੀ ਹਾਲਤ ਕੀ ਹੈ ਅਤੇ ਉਹ ਸਰਕਾਰਾਂ ਜਾ ਕਿਸੇ ਬਾਰੇ ਕੀ ਸੋਚਦੇ ਹਨ ਅਤੇ ਉਹਨਾਂ ਦੇ ਆਪਣੇ ਪਧਰ ਦਾ ਕਿੰਨਾਂ ਕੁ ਵਿਕਾਸ ਹੋਇਆ ਹੈ.ਮਾਸਟਰ ਜੀ ਅਕਸਰ ਘਰੋ ਘਰੀਂ ਜਾਕੇ ਵੋਟਾਂ ਬਣਾਉਂਦੇ ਨੇ ਜਨਸੰਖਿਆ ਦਾ ਡਾਟਾ ਇਕਠਾ ਕਰਦੇ ਨੇ ,ਘਰੋ ਘਰੀਂ ਛੋਟੇ ਬਚਿਆਂ ਨੂੰ ਸਕੂਲੇ ਆਉਣ ਦੀ ਪ੍ਰੇਰਣਾ ਦਿੰਦੇ ਨੇ ਅਤੇ ਹੋਰ ਬੜਾ ਕੁਝ ਸਰਕਾਰ ਉਹਨਾਂ ਤੋਂ ਅਜਿਹੇ ਹੀ ਗੈਰ-ਵਿਦਿਅਕ ਕੰਮ ਲੈਂਦੀਆਂ ਨੇ , ਜਿਹਨਾਂ ਬਾਰੇ ਉਹਨਾਂ ਨੂੰ ਬੀ.ਐਡ.ਕਰਦੇ ਸਮੇਂ ਕੁਝ ਨਹੀਂ ਦਸਿਆ ਜਾਂਦਾ.ਅਜਿਹੇ ਕੰਮਾਂ ਦਾ ਉਹਨਾਂ ਦੇ ਅਧਿਆਪਨ ਕਿੱਤੇ ਨਾਲ ਦੂਰ-ਦੂਰ ਤਕ ਕੋਈ ਰਿਸ਼ਤਾ ਨਹੀਂ ਹੁੰਦਾ. ਵੋਟਾਂ ਦੋਰਾਨ ਵੀ ਸਾਰਾ ਕੰਮ ਮਾਸਟਰ ਜੀ ਹੀ ਕਰਦੇ ਹਨ .ਉਹਨਾਂ ਨੂੰ ਅਫਸਰ ਦੀ ਉਪਾਧੀ ਇੱਕ ਦਿਨ ਵਾਸਤੇ ਮਿਲਦੀ ਹੈ ਪਰ ਇਸ ਵਿਚ ਅਫਸਰੀ ਵਰਗਾ ਕੁਝ ਨਹੀਂ ਹੁੰਦਾ.ਉਹਨਾਂ ਨੂੰ ਟਰੱਕਾਂ ਵਿੱਚ ਭਰ-ਭਰ ਕੇ ਸਟੇਸ਼ਨਾਂ ਤੇ ਲਿਜਾਇਆ ਜਾਂਦਾ ਸੀ.ਕੁਝ ਮਾਸਟਰਾਂ ਦੇ ਵਿਰੋਧ ਤੋਂ ਬਾਅਦ ਅੱਜਕਲ ਬਸਾਂ ਦਾ ਇੰਤਜ਼ਾਮ ਕੀਤਾ ਜਾਂਦਾ ਹੈ .ਪਰ ਵੋਟਾਂ ਦੀ ਸਮਾਪਤੀ ਤੋਂ ਬਾਅਦ ਘਰ ਵਾਪਸੀ ਦਾ ਕੋਈ ਇੰਤਜ਼ਾਮ ਨਹੀਂ ਕੀਤਾ ਜਾਂਦਾ  ਅਤੇ ਰਾਤ ਸਮੇਂ ਸੜਕਾਂ ਉੱਤੇ ਭਾਰ ਚੁੱਕ ਕੇ ਕੋਈ ਸਾਧਨ ਲਭਦੇ ਰਹਿੰਦੇ ਹਨ ਜੋ ਉਹਨਾਂ ਨੂੰ ਘਰ ਤੱਕ ਪਹੁੰਚਾ ਸਕੇ .ਜੋ ਹਾਲਤ ਇਹਨਾਂ ਅਫਸਰਾਂ ਦੀ ਇੱਕ ਜਾਂ ਦੋ ਦਿਨ ਵਿਚ ਹੁੰਦੀ ਹੈ ਉਹਨਾਂ ਬਾਰੇ ਤਾਂ ਅਸਲੀ ਅਫ਼ਸਰ ਵੀ ਭੁਲੇਖਿਆਂ ਵਿਚ ਹੀ ਲਗਦੇ ਹਨ.ਉਹਨਾਂ ਨੂੰ ਟ੍ਰੇਨਿੰਗ ਦੇਣ ਵੇਲੇ ਤਾਂ ਸਾਰਾ ਦਿਨ ਕਈ ਵਾਰੀ ਪਾਣੀ ਵੀ ਨਹੀਂ ਮਿਲਦਾ ਰੋਟੀ ਤਾਂ ਦੂਰ ਦੀ ਗੱਲ ਹੈ.ਜਿਸ ਦਿਨ ਉਹ ਸਟੇਸ਼ਨ ਤੇ ਪੁੱਜਦੇ ਹਨ ਤਾਂ ਉਹਨਾਂ ਦਾ ਰੋਟੀ ਪਾਣੀ  ਦਾ ਪ੍ਰਬੰਧ ਸਥਾਨਕ ਲੋਕਾਂ ਦੇ ਆਸਰੇ ਹੀ ਹੁੰਦਾ ਹੈ.ਸਰਕਾਰ ਸਿਰਫ਼ ਹੁਕਮ ਤੋਂ ਇਲਾਵਾ ਕੁਝ ਨਹੀਂ ਦਿੰਦੀ.ਆਪਣੀ ਇਮਾਨਦਾਰੀ ਨਾਲ ਨਿਭਾਈ ਡਿਉਟੀ ਦਾ ਵੀ ਸਿਲਾ ਇਹ ਮਿਲਦਾ ਹੈ ਕਿ ਜਦੋਂ ਕੋਈ ਲੀਡਰ ਦੂਸਰੇ ਵਿਰੁਧ ਅਦਾਲਤ ਵਿਚ ਜਾਂਦਾ ਹੈ ਤਾਂ ਵਿਚਾਰੇ ਮਾਸਟਰ ਜੀ ਨੂੰ ਵੀ ਸੰਮਨ ਭੇਜ ਕੇ ਉਸਦੀ ਖੱਜਲ ਖੁਆਰੀ ਕੀਤੀ ਜਾਂਦੀ ਹੈ.
ਸਕੂਲਾਂ ਵਿਚ ਵੀ ਅਜਕਲ ਉਹਨਾਂ ਨੂੰ ਇਮਾਰਤਾਂ ਬਨਾਉਣ ਸਫਾਈਆਂ ਕਰਨ, ਮਿਡ-ਡੇ-ਮੀਲ ਤਿਆਰ ਕਰਨ ਅਤੇ ਇਲਾਕੇ ਦੇ ਘਰਾਂ ਵਿਚ ਜਾਕੇ ਬਚੇ ਇੱਕਠੇ ਕਰਕੇ ਸਕੂਲੇ ਵਿਚ ਲਿਆਉਣ ਬਾਰੇ ਹੀ ਕਿਹਾ ਜਾਂਦਾ ਹੈ.ਸਕੂਲ ਦੀ ਇਮਾਰਤ ਵਾਸਤੇ ਇੱਟਾਂ ਦੀ ਖਰੀਦ ਲਈ ਭਠੇ ਅਤੇ ਜਾਣਾ ਮਜਦੂਰਾਂ ਦਾ ਪ੍ਰਬੰਧ ਕਰਨਾ,ਆਦਿ ਛੋਟੇ-ਛੋਟੇ ਕੰਮ ਹਨ ਜਿਹਨਾਂ ਵਾਸਤੇ ਜਦੋਂ ਉਹ ਸਕੂਲੋਂ ਬਾਹਰ ਜਾਂਦੇ ਹਨ ਤਾਂ ਪਿਛੋਂ ਅਚਾਨਕ ਕੋਈ ਅਫਸਰ ਆ ਜਾਵੇ ਤਾਂ ਉਸ ਨਾਲ ਅਪਰਾਧੀਆਂ ਵਰਗਾ ਸਲੂਕ ਕੀਤਾ ਜਾਂਦਾ ਹੈ.ਉਸਦੀ ਨਿਯੁਕਤੀ ਤਾਂ ਦੇਸ਼ ਦੇ ਨਿਰਮਾਤਾ ਤੋਰ ਤੇ ਹੋਈ ਸੀ ਨਾ ਕੀ ਬਿਲਡਿੰਗ ਨਿਰਮਾਤਾ ਦੇ ਤੋਰ ਤੇ.ਆਡਿਟ ਸਮੇਂ ਵੀ ਆਡਿਟ ਟੀਮ ਤੋਂ ਸਾਰੇ ਡਰਦੇ ਹਨ ਅਤੇ ਇਮਾਨਦਾਰੀ ਨਾਲ ਕੰਮ ਕਰਨ ਦੇ ਬਾਵਜ਼ੂਦ ਕਈ ਲੋਕਾਂ ਤੋਂ ਪੈਸੇ ਉਗਰਾਹੇ ਜਾਂਦੇ ਹਨ .ਇੱਕ ਇਹੀ ਮਹਿਕਮਾ ਹੈ ਜਿਸ ਵਿਚ ਆਪਣੀ ਤਨਖਾਹ ਲੈਣ ਵਾਸਤੇ ਵੀ ਪੈਸੇ ਦੇਣੇ ਪੈਂਦੇ ਹਨ.ਦਫਤਰਾਂ ਦੇ ਕਲਰਕ ਕੀ ਕਰਦੇ ਹਨ ਸਾਰੇ ਜਾਣਦੇ ਹਨ.ਅਜਿਹੇ ਹੀ ਹੋਰ ਬੇਹਿਸਾਬ ਝਮੇਲੇ ਹਨ ਜਿਹਨਾਂ ਦਾ ਪੜਾਈ ਦੇ ਕਿੱਤੇ ਨਾਲ ਕੋਈ ਸੰਬਧ ਨਹੀਂ ਹੁੰਦਾ ਪਰ ਉਸ ਬਾਰੇ ਜਿੰਮੇਵਾਰ ਕੇਵਲ ਅਧਿਆਪਕ ਨੂੰ ਹੀ ਠਹਿਰਾਇਆ ਜਾਂਦਾ ਹੈ.ਪੜਾਈ ਕੇਵਲ ਤਾਂ ਹੀ ਚੰਗੀ ਹੁੰਦੀ ਹੈ ਜਦੋਂ ਅਧਿਆਪਕ ਬਿਨਾ ਕਿਸੇ ਡਰ ਅਤੇ ਬਿਨਾ ਕਿਸੇ ਗੈਰ ਵਿਦਿਅਕ ਡਿਉਟੀ ਦੇ ਆਪਣਾ ਪੂਰਾ ਸਮਾਂ ਕੇਵਲ ਵਿਦਿਆਰਥੀਆਂ ਵੱਲ ਸਮਰਪਿਤ ਹੋਵੇ.
ਜਦੋਂ ਅਸੀਂ ਆਖਦੇ ਹਾਂ ਕੀ ਪ੍ਰਾਇਵੇਟ ਸਕੂਲਾਂ ਦੇ ਨਤੀਜੇ ਵਧੀਆ ਹਨ ਤਾਂ ਇਹ ਗੱਲ ਆਖਣ ਤੋਂ ਪਹਿਲਾਂ ਸਾਨੂੰ ਦੋਹਾਂ ਪਾਸੇ ਦੇ ਮਾਹੋਲ ਅਤੇ ਸਹੂਲਤਾਂ ਬਾਰੇ ਵੀ ਸੋਚਣਾ ਚਾਹੀਦਾ ਹੈ.ਸਿੱਕੇ ਦੇ ਦੋਨਾਂ ਪਹਿਲੂਆਂ ਨੂੰ ਦੇਖਕੇ ਹੀ ਕੁਝ ਨਤੀਜਾ ਨਿਕਲਦਾ ਹੈ.ਸਾਨੂੰ ਕਦੇ ਵੀ ਸੁਣੀ-ਸੁਣਾਈ ਗੱਲ ਨਹੀਂ ਕਰਨੀ ਚਾਹੀਦੀ.


Saturday, April 18, 2015

ਵਿਦਿਆ ਵਿਚਾਰੀ ਤਾਂ...............ਇਸਦਾ ਅਰਥ ਹੈ ਕਿ ਜਦੋਂ ਇਸ ਗੱਲ ਉੱਤੇ ਵਿਚਾਰ ਕੀਤਾ ਕਿ ਵਿਦਿਆ ਕੀ ਚੀਜ ਹੈ ਤਾਂ ਉਸ ਵੇਲੇ ਪਤਾ ਲੱਗਾ ਕਿ ਇਹ ਬਹੁਤ ਹੀ ਉਪਕਾਰ ਕਰਨ ਵਾਲੀ ਹੈ..ਪ੍ਰੰਤੂ ਜੇਕਰ ਇਸ ਗੱਲ ਉੱਤੇ ਅੱਜ ਦੇ ਹਾਲਾਤਾਂ ਨੂੰ ਦੇਖਦੇ ਹੋਏ ਗੋਰ ਕਰੀਏ ਤਾਂ ਇਸਦਾ ਅਰਥ ਹੀ ਬਦਲਦਾ ਜਾ ਰਿਹਾ ਹੈ.ਵਿਦਿਆ ਵਿਦਿਅਰਥੀਆਂ ਦਾ ਉਪਕਾਰ ਕਰਨ ਦੀ ਬਜਾਏ ਵਪਾਰਕ ਸੋਚ ਰਖਣ ਵਾਲੇ ਲੋਕਾਂ ਵਾਸਤੇ ਇੱਕ ਖਰੀਦ-ਵੇਚ ਕੀਤੀ ਜਾਣਵਾਲੀ ਵਸਤੁ ਬਣ ਗਈ ਹੈ.ਕੋਈ ਸਮਾਂ ਸੀ ਜਦੋਂ ਅਧਿਆਪਕ ਦਾ ਅਰਥ ਵਿਦਿਆਰਥੀ ਨੂੰ ਸਮਰਪਿਤ ਗੁਰੂ ਅਤੇ ਸਕੂਲ ਦਾ ਅਰਥ ਗੁਰੂਕੁਲ ਵਾਸਤੇ ਲਿਆ ਜਾਂਦਾ ਸੀ .ਪਰ ਅੱਜ ਦਾ ਅਧਿਆਪਕ ਅਤੇ ਸੰਸਥਾਵਾਂ ਦੋਨਾਂ ਨੇ ਆਪਣੇ ਅਸਲੀ ਕਿੱਤੇ ਉੱਪਰ ਵਪਾਰਕ ਸੋਚ ਦੀ ਪੱਟੀ ਬੰਨ ਦਿੱਤੀ ਹੈ.ਕੋਈ ਵੀ ਅਧਿਆਪਕ ਅੱਜ ਤੁਹਾਨੂੰ ਅਜਿਹਾ ਨਜਰ ਨਹੀਂ ਆਵੇਗਾ ਜੋ ਕਿਸੇ ਵਿਦਿਆਰਥੀ ਨੂੰ ਬਿਨਾਂ ਕਿਸੇ ਆਰਥਿਕ ਸਵਾਰਥ ਦੇ ਉਸਨੂੰ ਪੜ੍ਹਾਉਣ ਲਈ ਰਾਜ਼ੀ ਹੁੰਦਾ ਹੋਵੇ .ਇਸਦੇ ਅਪਵਾਦ ਵੀ ਲਭਣੇ ਪੈਣਗੇ .ਵਿਦਿਅਕ ਸੰਸਥਾਵਾਂ ਨੇ ਤਾਂ ਅੱਜਕਲ ਹੱਦ ਹੀ ਕਰ ਦਿੱਤੀ ਹੈ.ਜਿਸ ਵਿਦਿਆ ਨੂੰ ਪ੍ਰਾਪਤ ਕਰਨ ਵਾਸਤੇ ਪਹਿਲਾਂ ਲਖਾਂ ਰੁਪੈ ਲਗਾਉਣੇ  ਪੈਂਦੇ ਹੋਣ ਉਸ ਚੋਉਗੀਰਦੇ ਵਿੱਚ ਕਿਸੇ ਗਰੀਬ ਦੇ ਉਥਾਨ ਦੀ ਗੱਲ ਤਾਂ ਕੇਵਲ ਥੋਥੀ ਅਤੇ ਠਠਾ ਕਰਨ ਵਾਲੀ ਹੀ ਲਗਦੀ ਹੈ.ਇੰਝ ਲਗਦਾ ਹੈ ਕਿ ਲੋਕਤੰਤਰ ਦਾ ਫਾਇਦਾ ਜੇਕਰ ਕੋਈ ਲੈ ਰਿਹਾ ਹੈ ਤਾਂ ਸਭਤੋਂ ਵਧ ਵਪਾਰਕ ਸੋਚ ਰਖਣ ਵਾਲੇ ਓਹ ਲੋਕ ਹਨ ਜੋ ਸੇਵਾ ਦੀ ਆੜ ਵਿੱਚ ਵਿਦਿਆ ਰੂਪੀ ਗਰੀਬ ਗਉ ਦਾ ਦੁਧ ਦਿਨ ਰਾਤ ਚੋ ਰਹੇ ਹਨ.ਅਜਿਹੇ ਲੋਕ ਸ਼ਾਨ-ਸ਼ੋਕਤ ਸਦਕਾ ਅਮੀਰ ਵਿਦਿਆਰਥੀਆਂ ਦੀ ਭੀੜ ਇੱਕਠੀ ਕਰਕੇ ਦਿਨ ਦੁੱਗਣੀ ਰਾਤ ਚੋਗਣੀ ਤਰੱਕੀ ਕਰ ਰਹੇ ਹਨ ਅਤੇ ਅਜਿਹੇ ਰੋਲੇ ਰੱਪੇ ਵਿੱਚ ਗਰੀਬ ਵਿਦਿਆਰਥੀ ਦੀਆਂ ਸਿਸਕੀਆਂ ਕੋਣ ਸੁਣੇ ਜੋ ਦਿਮਾਗੀ ਤੋਰ ਤੇ ਤਾਂ ਵਿਦਿਆ ਹਾਸਿਲ ਕਰਨ ਦਾ ਇਛੁੱਕ ਹੈ ਪਰ ਉਸਦੀ ਗਰੀਬੀ ਉਸਨੂੰ ਆਪਣੀ ਔਕਾਤ ਵਿੱਚ  ਹੀ ਰਹੀ ਕੇ ਰੇਹੜੀ ਜਾਂ ਰਿਕਸ਼ਾ ਚਲਾਉਣ ਵਾਸਤੇ ਮਜਬੂਰ ਕਰਦੀ ਹੈ . ਸਮੇਂ ਦੀਆਂ ਸਰਕਾਰਾਂ ਕਦੇ ਵੀ  ਗਰੀਬਾਂ ਦੀ ਗਰੀਬੀ ਦੂਰ ਕਰਨ ਵਾਸਤੇ ਵਪਾਰੀਆਂ ਨੂੰ ਨਾਰਾਜ਼ ਕਰਨ ਦੀ ਕੋਸ਼ਿਸ਼ ਨਹੀਂ ਕਰਦੀਆਂ .ਕਿਉਂਕਿ ਵਪਾਰੀਆਂ ਕੋਲੋਂ ਤਾਂ ਬਹੁਤ ਕੁਝ ਮਿਲਣਾ ਹੈ ਪਰ ਭਲਾ ਗਰੀਬਾਂ ਤੋਂ ਉਹਨਾਂ ਨੂੰ ਕੀ ਮਿਲਣਾ ਹੈ.ਗਰੀਬਾਂ ਨੂੰ ਤਾਂ ਵੈਸੇ ਹੀ ਭਿੰਨ-ਭਿੰਨ ਤਰਾਂ ਦੀਆਂ  ਸਕੀਮਾਂ ਦੇ ਲਛੇ ਖਿਲਾ ਦਿੱਤੇ ਜਾਂਦੇ ਹਨ.ਸਰਕਾਰੀ ਵਿਦਿਅਕ ਸੰਸਥਾਵਾਂ ਦੀ ਗੱਲ ਕਰੀਏ ਤਾਂ ਸਭ ਕੁਝ ਫ਼ਰੀ ਵਰਗਾ ਹੈ .ਪਰ ਉਹਨਾਂ ਦੀ ਸ਼ਾਨ-ਸ਼ੋਕਤ ਵੱਲ ਕੋਈ ਧਿਆਨ ਦੇਣ ਵਾਲਾ ਨਹੀਂ ਹੈ.ਖਰਚ ਤਾਂ ਬਹੁਤ ਹੁੰਦਾ ਹੈ ਪਰ ਜੋ ਚੀਜ਼ ਬਣਾਈ ਜਾਂਦੀ ਹੈ ਉਸਦੀ ਸਾਂਭ-ਸੰਭਾਲ ਕੀਤੀ ਜਾਵੇ ਤਾਂ ਸਰਕਾਰੀ ਸੰਸਥਾਵਾਂ ਪ੍ਰਾਇਵੇਟ ਅਧਾਰਿਆਂ ਦਾ ਮੁਕਾਬਲਾ ਕਰਨ ਯੋਗ ਹੋ ਸਕਦੀਆਂ ਹਨ.ਸਰਕਾਰੀ ਸੰਸਥਾਵਾਂ ਵਿੱਚ ਪੂਰੀ ਕਾਬਲੀਅਤ ਵਾਲਾ ਸਟਾਫ਼ ਹੁੰਦਾ ਹੈ .ਪਰ ਉਹਨਾਂ ਨੂੰ ਵਿਦਿਆ ਬਾਰੇ ਵਿਚਾਰ ਕਰਨ ਦੀ ਬਜਾਏ ਹੋਰ –ਹੋਰ  ਗੈਰ-ਵਿਦਿਅਕ ਡਿਉਟੀਆਂ ਵਿੱਚ ਉਲਝਾ ਕੇ ਉਸਦੀ ਆਪਣੀ ਪ੍ਰਾਪਤ ਕੀਤੀ ਵਿਦਿਆ ਨੂੰ ਵੀ ਖੋਰਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿਉਂਕਿ ਕੋਈ ਵੀ ਇਸ ਗੱਲ ਨੂੰ ਸਮਝਣ ਲਈ ਤਿਆਰ ਹੀ ਨਹੀਂ ਕਿ ਅਧਿਆਪਕ ਪੜਾਉਣ ਵੇਲੇ ਦਿਮਾਗੀ ਤੋਰ ਤੇ ਵਿਦਿਆਰਥੀ ਅਤੇ ਪਾਠ ਨਾਲ ਜੁੜਿਆ ਹੁੰਦਾ ਹੈ ਪਰ ਜਦੋਂ ਉਸਨੂੰ ਗੈਰ-ਵਿਦਿਅਕ ਕੰਮਾਂ ਵਿੱਚ ਭੇਜ ਦਿੱਤਾ ਜਾਂਦਾ ਹੈ ਤਾਂ ਉਹ ਆਪਣੀ ਮਾਨਸਿਕ ਸਥਿਤੀ ਦੇ ਸੰਤੁਲਣ ਵਿੱਚ ਗੜਬੜ ਮਹਿਸੂਸ ਕਰਦਾ ਹੈ ਅਤੇ ਨਾਂ ਤਾਂ ਉਸਦਾ ਧਿਆਨ ਪੂਰੀ ਤਰਾਂ ਵਿਦਿਆਰਥੀਆਂ ਵੱਲ ਇਕਾਗਰ ਹੋ ਪਾਂਦਾ ਹੈ ਅਤੇ ਨਾ ਹੀ ਉਹ ਗੈਰ-ਵਿਦਿਅਕ ਕੰਮ ਬਾਰੇ ਕੋਈ ਨਿਪੁੰਨਤਾ ਰਖਦਾ ਹੈ.ਜਿਸ ਕੰਮ ਬਾਰੇ ਉਸਦੀ ਨਿਪੁੰਨਤਾ ਹੈ ਉਸ ਵੱਲੋਂ ਉਸਦਾ ਬਾਰ-ਬਾਰ ਧਿਆਨ ਹਟਾਇਆ ਜਾਂਦਾ ਹੈ.ਅਦਾਲਤਾਂ ਦੇ ਫੈਸਲੇ ਅਜਿਹੇ ਕੇਸਾਂ ਬਾਰੇ ਜੋ ਮਰਜੀ ਹੋਣ ਪਰ ਸਰਕਾਰਾਂ ਤਾਂ ਆਪਣੇ ਕੰਮ ਉਸੇ ਤਰਾਂ ਹੀ ਚਲਾਉਂਦਿਆਂ ਰਹਿੰਦੀਆਂ ਹਨ.ਅਜੇਹੀ ਸਥਿਤੀ ਵਿੱਚ ਭਲਾ ਸਰਕਾਰੀ ਵਿਦਿਅਕ ਸੰਸਥਾਵਾਂ ਦੀ ਬੇਹਤਰੀ ਦੀ ਆਸ ਕਿਵੇਂ ਕੀਤੀ ਜਾ ਸਕਦੀ ਹੈ ਜਦੋਂ ਸਰਕਾਰਾਂ ਹੀ ਇਸ ਵਿਸ਼ੇ ਵੱਲ ਗੰਭੀਰਤਾ ਨਾਲ ਵਿਚਾਰ ਕਰਨ ਨੂੰ ਤਿਆਰ ਨਹੀਂ ਹਨ ਕਿ ਇਹਨਾਂ ਸੰਸਥਾਵਾਂ ਨੂੰ ਚਲਾਉਣ ਵਾਲੇ ਅਧਿਆਪਕ ਭਿੰਨ-ਭਿੰਨ ਕਿਸਮਾਂ ਦੀਆਂ ਗੈਰ-ਵਿਦਿਅਕ ਡਿਉਟੀਆਂ ਵਿੱਚ ਉਲਝੇ ਹੋਏ ਹਨ .ਸ਼ਾਇਦ ਅਜਿਹੇ ਹੀ ਹੋਰ ਬਹੁਤ ਸਾਰੇ ਕਾਰਣ ਹਨ ਜਿਹਨਾਂ ਸਦਕਾ ਸਰਕਾਰੀ ਅਧਾਰਿਆਂ ਦਾ ਅਕਸ ਧੁੰਦਲਾ ਪੈਂਦਾ ਹੈ.ਲੋੜ ਹੈ ਅੱਜ ਅਜਿਹੇ ਕਾਰਣਾਂ ਨੂੰ ਦੂਰ ਕੀਤਾ ਜਾਵੇ ਅਤੇ ਪ੍ਰਾਇਵੇਟ ਦੀ ਬਜਾਏ ਸਰਕਾਰੀ ਸੰਸਥਾਵਾਂ ਦਾ ਅਕਸ ਸੁਧਾਰਿਆ ਜਾਵੇ ਤਾਂ ਜੋ ਗਰੀਬ ਆਦਮੀ ਦਾ ਬੱਚਾ ਵੀ ਉਥੇ ਜਾ ਕੇ ਫਖਰ ਮਹਿਸੂਸ ਕਰੇ.

Thursday, April 16, 2015

ਕੀ ਮਨੁੱਖੀ ਦਖਲੰਦਾਜ਼ੀ ਸਦਕਾ ਕੁਦਰਤ ਵੀ ਬਦਲ ਰਹੀ ਹੈ......?ਹੋਲੀ ਹੋਲੀ ਸਭਕੁਝ ਬਦਲਦਾ ਰਹਿੰਦਾ ਹੈ .ਪਰਿਵਰਤਨ ਸਮੇਂ ਦਾ ਨਿਯਮ ਹੈ.ਪਰ ਪਿਛਲੇ ਹਜ਼ਾਰਾਂ ਸਾਲਾਂ ਦੀ ਬਜਾਏ ਪਿਛਲੇ ਸੋ ਕੁ ਸਾਲ ਵਿੱਚ ਮਨੁੱਖ ਦਾ ਦਿਮਾਗ ਕੁਝ ਜ਼ਿਆਦਾ ਹੀ ਤੇਜ਼ ਹੋ ਗਿਆ ਹੈ .ਇਸੇ ਕਰਕੇ ਪਰਿਵਰਤਨ ਵੀ ਕੁਝ ਜ਼ਿਆਦਾ ਤੇਜ਼ੀ ਦਿਖਾ ਰਹੇ ਹਨ.ਧਿਆਨ ਨਾਲ ਦੇਖੋ.ਸਾਡੇ ਕੰਮਕਾਰ ਕਰਨ ਦੇ ਸਟਾਇਲ ਵਿੱਚ ਪਰਿਵਰਤਨ,ਸਾਡੇ ਰਿਸ਼ਤਿਆਂ ਦੀ ਗਰਮਾਹਟ ਵਿੱਚ ਪਰਿਵਰਤਨ ,ਖਾਣ-ਪੀਣ ਵਿੱਚ ਪਰਿਵਰਤਨ ,ਸੋਚ ਵਿੱਚ ਪਰਿਵਰਤਨ,ਬਿਮਾਰੀਆਂ ਵਿੱਚ ਪਰਿਵਰਤਨ,ਆਲੇ-ਦੁਆਲੇ ਵਿੱਚ ਪਰਿਵਰਤਨ ,ਪਹਿਰਾਵੇ ਵਿੱਚ ਪਰਿਵਰਤਨ ,ਬੱਚਿਆਂ ਦੀਆਂ ਖੇਡਾਂ ਵਿੱਚ ਪਰਿਵਰਤਨ ,ਗੱਲ ਕੀ ਸਮਾਜਿਕ, ਆਰਥਿਕ, ਰਾਜਨੀਤਕ, ਸੰਸਕ੍ਰਿਤੀ,ਭੋਤਿਕ ਅਤੇ ਆਲੇ ਦੁਆਲੇ ਵਿੱਚ ਵੀ ਜਦ ਪਰਿਵਰਤਨ ਹੋ ਰਹੇ ਹਨ ਤਾਂ ਫਿਰ ਅਜਿਹੇ ਹਾਲਤ ਵਿੱਚ ਸ਼ਾਇਦ ਧਰਤੀ ਵੀ ਆਪਣੇ ਭੂਗੋਲ ਦੇ ਪਾਠਾਂ ਵਿੱਚ ਪਰਿਵਰਤਨ ਕਰ ਰਹੀ ਹੈ.

Wednesday, April 8, 2015

ਸਿਕੰਦਰ ਮਹਾਨ ਕੋਲ ਤਾਂ ਇੱਕ ਸਾਇਕਲ ਤੱਕ ਵੀ ਨਹੀਂ ਸੀ, ਉਹ ਕਾਹਦਾ ਰਾਜਾ ਸੀ .........?

ਕਿਸੇ ਬੱਚੇ ਨੇ ਦੂਸਰੇ ਨੂੰ ਪੁੱਛਿਆ ਕਿ -"ਸਿਕੰਦਰ ਮਹਾਨ ਉਸ ਸਮੇਂ ਕਿੰਨਾਂ ਕੁ ਅਮੀਰ ਹੋਣੈ..........? ਉਸਨੇ ਤਾਂ ਸਾਰੀ ਦੁਨੀਆਂ ਜਿੱਤ ਲਈ ਸੀ  "ਦੂਸਰੇ ਬੱਚੇ ਨੇ ਕਿਹਾ - "ਨਹੀਂ ਉਹ ਕਾਹਦਾ ਅਮੀਰ ਸੀ ,ਕਹਿੰਦੇ ਹਨ ਕਿ ਉਸ ਕੋਲ ਸਾਇਕਲ ਵੀ ਨਹੀਂ ਸੀ ,ਉਸਦੇ ਘਰ ਵਿੱਚ ਲਾਇਟ ਨਹੀਂ ਸੀ,ਉਸਦੇ ਕੋਲ ਟੀ.ਵੀ.ਆਦਿ ਕੁਝ ਵੀ ਨਹੀਂ ਸੀ ਫਿਰ ਭਲਾ ਉਹ ਕਾਹਦਾ ਅਮੀਰ ਹੋਇਆ...........?"
ਉੱਪਰ ਲਿਖੀ ਗੱਲਬਾਤ ਬੇਸ਼ਕ ਦੋ ਮਾਸੂਮ ਬੱਚਿਆਂ ਦੀ ਹੈ .ਪਰ ਆਓ ਇਸ ਬਾਰੇ ਵਿਚਾਰ ਕਰੀਏ -
 ਕਹਿੰਦੇ ਹਨ ਕਿ ਪਰਿਵਰਤਨ ਸਮੇਂ ਦਾ ਨਿਯਮ ਹੈ ਅਤੇ ਸਮੇਂ ਦੇ ਨਾਲ-ਨਾਲ ਸਭਕੁਝ ਬਦਲਦਾ ਰਹਿੰਦਾ ਹੈ.ਧਿਆਨ ਨਾਲ ਦੇਖੋ ਤਾਂ ਪਤਾ ਲਗਦਾ ਹੈ ਕੀ ਵਾਕਈ ਸਭਕੁਝ ਹਮੇਸ਼ਾਂ ਬਦਲਦਾ ਹੀ ਰਹਿੰਦਾ ਹੈ.ਸਮਾਜ ਬਦਲਦਾ ਹੈ ,ਇਤਿਹਾਸ ਬਦਲਦਾ ਹੈ,ਰਾਜਨੀਤੀ ਬਦਲਦੀ ਹੈ,ਅਰਥ-ਸ਼ਾਸਤਰ ਬਦਲਦਾ ਹੈ.ਪੁਰਾਣੀਆਂ ਮਾਨਤਾਵਾਂ ਬਦਲਦੀਆਂ ਹਨ.

ਆਉ,ਹੁਣ ਅੱਜ ਕੱਲ ਜ਼ਾਰੀ ਪਰਿਵਰਤਨਾਂ ਦੀ ਗੱਲ ਕਰੀਏ ਜੋ ਸਾਡੇ ਸਾਹਮਣੇ ਹੋ ਰਹੇ ਹਨ ਪਰ ਅਸੀਂ ਉਹਨਾਂ ਵੱਲ ਕਦੀ ਧਿਆਨ ਨਹੀਂ ਕੀਤਾ. ਆਲੇ ਦੁਆਲੇ ਧਿਆਨ ਨਾਲ ਦੇਖੋ .ਲੋਕ ਬਦਲ ਰਹੇ ਹਨ ,ਉਹਨਾਂ ਦੇ ਰਹਿਣ-ਸਹਿਣ ਦੇ ਢੰਗ ਬਦਲ ਰਹੇ ਹਨ.ਰੀਤੀ ਰਿਵਾਜ਼ ਬਦਲ ਰਹੇ ਹਨ ਕੰਮ ਧੰਦੇ ਹੋਲੀ-ਹੋਲੀ ਬਦਲ ਰਹੇ ਹਨ ,ਬੱਚਿਆਂ ਦੀਆਂ ਖੇਡਾਂ ਬਦਲ ਰਹੀਆਂ ਹਨ .ਕਿਉਂਕਿ ਉਹਨਾ ਦੇ ਖਿਡੋਣੇ ਵੀ ਬਦਲ ਰਹੇ ਹਨ.ਰਿਸ਼ਤੇ ਬਦਲ ਰਹੇ ਹਨ ,ਪਰਿਭਾਸ਼ਾਵਾਂ ਬਦਲ ਰਹੀਆਂ ਹਨ ,ਬਿਮਾਰੀਆਂ ਬਦਲ ਰਹੀਆਂ ਹਨ ,ਕੀਟਾਣੂਂ ਬਦਲ ਰਹੇ ਹਨ .ਧਰਤੀ ਬਦਲ ਰਹੀ ਹੈ ,ਮੋਸਮ ਬਦਲ ਰਿਹਾ ਹੈ.ਕੁਝ ਵੀ ਸਥਾਈ ਨਹੀਂ ਹੈ.
 ਹਰ ਇੱਕ ਚੀਜ਼ ਦੀ ਇੱਕ ਉਮਰ ਹੈ.ਚਾਹੇ ਉਹ ਭੋਤਿਕ ਹੀ ਕਿਉਂ ਨਾ ਹੋਵੇ.ਵਿਗਿਆਨੀ ਆਖਦੇ ਹਨ ਕਿ ਸੂਰਜ ਵੀ ਹੋਲੀ-ਹੋਲੀ ਠੰਡਾ ਹੋ ਰਿਹਾ ਹੈ.ਗੱਲ ਕੀ ਹਰ ਇੱਕ ਚੀਜ਼ ਬਦਲ ਰਹੀ ਹੈ.
 ਪਰੰਤੂ ਇਹਨਾਂ ਬਦਲਾਵਾਂ ਦੇ ਬਾਵਜ਼ੂਦ ਵੀ ਕੁਝ ਅਜਿਹੀਆਂ ਵੀ ਗੱਲਾਂ ਹਨ ਜੋ ਸਦਾ ਸਥਾਈ ਹਨ ਉਹ ਕਦੇ ਨਹੀਂ ਬਦਲੀਆਂ.  ਉਹ ਅੱਜ ਤੋਂ ਕਰੋੜਾਂ ਸਾਲ ਪਹਿਲਾਂ ਜਿਸ ਤਰਾਂ ਸਨ ਉਸੇ ਤਰਾਂ ਹੀ ਅੱਜ ਵੀ ਹਨ.ਨਰ ਅਤੇ ਮਾਦਾ ਦੇ ਆਪਸੀ ਆਕਰਸ਼ਣ ਨਹੀਂ ਬਦਲੇ ,ਇਨਸਾਨ ਦੀਆਂ ਆਦਤਾਂ ਨਹੀਂ ਬਦਲੀਆਂ ਹਨ .ਉਹ ਅੱਜ ਵੀ ਹਰ ਥਾਂ ਤੇ ਕਬਜ਼ਾ ਕਰਨ ਦੀ ਪ੍ਰਵਿਰਤੀ ਰਖਦਾ ਹੈ.ਅੱਜ ਵੀ ਗੁੱਸਾ ਕਰਦਾ ਹੈ ਲੜਾਈਆਂ ਲੜਦਾ ਹੈ ਧੋਖੇ ਦੇਂਦਾ ਹੈ. ਛੋਟੇ ਬਚਿਆਂ ਵਿੱਚ ਅੱਜ ਵੀ ਮਾਸੂਮੀਅਤ ਸ਼ਾਮਿਲ ਹੁੰਦੀ ਹੈ .ਉਹ ਅੱਜ ਵੀ ਜਨਮ ਤੋਂ ਬਾਅਦ ਸੱਚੇ ਬੋਲ ਹੀ ਬੋਲਦੇ ਹਨ ,ਝੂਠ ਤਾਂ ਸਿਆਣਿਆਂ ਦੇ ਮੇਲ ਤੋਂ ਬਾਅਦ ਹੀ ਆਉਂਦਾ ਹੈ.ਇਤਿਹਾਸ ਅੱਜ ਵੀ ਕਿਤੇ ਨਾ ਕਿਤੇ ਆਪਣੇ ਆਪ ਨੂੰ ਦੁਹਰਾਉਦਾ ਹੀ ਰਹਿੰਦਾ ਹੈ.ਸੂਰਜ ਅੱਜ ਵੀ ਪੂਰਬੀ ਦਿਸ਼ਾ ਵੱਲੋਂ ਹੀ ਨਿਕਲਦਾ ਹੈ.ਗੱਲ ਕੀ ਜਿਥੇ ਬਦਲਾਵ ਲਗਾਤਾਰ ਚਲਦਾ ਹੀ ਰਹਿੰਦਾ ਹੈ ਉਥੇ ਅਜਿਹੇ ਵੀ ਤੱਤ ਹਨ ਜੋ ਹਮੇਸ਼ਾਂ ਸਥਿਰ ਹਨ .

Sunday, April 5, 2015

ਤਰੱਕੀ ਜਾਂ ਤਰੱਕ ਦਾ ਤਰਕ ,ਕੀ ਠੀਕ ਹੈ.........?

ਪਿਛਲੇ ਕੁਝ ਸਾਲਾਂ ਤੋਂ ਮੋਸਮ ਵਿੱਚ ਕੁਝ ਬਦਲਾਵ ਦੇਖਣ ਨੂੰ ਮਿਲ ਰਹੇ ਹਨ.ਹਰ ਸਾਲ ਜਨਵਰੀ ਤੋਂ ਬਾਅਦ ਠੰਡ ਘੱਟ ਜਾਂਦੀ ਸੀ ਅਤੇ ਫ਼ਰਵਰੀ ਵਿੱਚ ਘਟਦੇ-ਘਟਦੇ ਮਾਰਚ ਮਹੀਨੇ ਵਿੱਚ ਗਰਮੀ ਆਪਣਾ ਰੰਗ ਦਿਖਾਣ ਲਈ ਲਗਭਗ ਤਿਆਰ ਹੋ ਜਾਂਦੀ ਸੀ.ਪਰ ਹੁਣ ਦੇ ਮੋਸਮ ਵਿੱਚ ਜੋ ਬਦਲਾਵ ਹੋ ਰਿਹਾ ਹੈ ਇਹ ਆਪਣੇ ਆਪ ਵਿੱਚ ਇੱਕ ਵਿਚਾਰ ਚਰਚਾ ਦਾ ਵਿਸ਼ਾ ਬਣ ਜਾਂਦਾ ਹੈ.ਜਿਸ ਕੋਲ ਵੀ ਬੇਠੇ ਹੋਵੋ ਉਹੀ ਇਹਨਾਂ ਦਿਨਾਂ ਵਿੱਚ ਹੋ ਰਹੀਆਂ ਬਾਰਿਸ਼ਾਂ ਬਾਰੇ ਗੱਲ ਜਰੂਰ ਕਰਦਾ ਹੈ .
ਵਿਗਿਆਨੀ ਆਖਦੇ ਹਨ ਕਿ ਇਹ ਪਛਮੀ ਪ੍ਰਭਾਵ ਕਾਰਣ ਹੋ ਰਿਹਾ ਹੈ. ਕਈ ਤਾਂ ਹਸਦੇ ਹਨ ਕਿ ਅਸੀਂ ਹਰ ਗੱਲ ਦਾ ਦੋਸ਼ ਪਛਮ ਵੱਲ ਮੜ੍ਹ ਦਿੰਦੇ ਹਾਂ.ਭਲਾ ਬਰਸਾਤਾਂ ਦੇ ਪ੍ਰਭਾਵ ਲਈ ਵੀ ਪਛਮੀ ਦਿਸ਼ਾ ਜਵਾਬਦੇਹ ਹੋ ਸਕਦੀ ਹੈ. ਹਾਂ,ਅਜਿਹਾ ਹੀ ਹੁੰਦਾ ਹੈ.ਇਸ ਬਾਰੇ ਸਾਨੂੰ ਵੀ ਪਤਾ ਹੈ ਕੀ ਪਛਮੀ ਗੜਬੜ੍ਹੀ ਹੀ ਇਸ ਵਾਸਤੇ ਜਿੰਮੇਵਾਰ ਹੁੰਦੀ ਹੈ.ਪਰ ਕੀ ਅਸੀਂ ਕਦੇ ਸੋਚਿਆ ਹੈ ਕੀ  ਇਹ ਕੋਈ ਇੱਕ ਦੋ ਦਿਨਾਂ ਵਿੱਚ ਹੀ ਨਹੀਂ ਹੋ ਗਿਆ ਕਿ ਮੋਸਮ ਮਨੁੱਖ ਦੀ ਭਵਿਖਵਾਣੀ ਨੂੰ ਵੀ ਝੁਠਲਾਉਣ ਲੱਗ ਪਿਆ ਹੈ.ਮਨੁੱਖ ਨੇ ਧਰਤੀ ਉੱਤੇ ਕਦਮ ਰੱਖਣ ਤੋਂ ਬਾਅਦ ਜਲਦੀ ਹੀ ਕੁਝ ਹਜ਼ਾਰਾਂ ਸਾਲਾਂ ਬਾਅਦ ਇਸ ਧਰਤੀ ਦੀ ਸ਼ਕਲ ਵਿਗਾੜਨ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ.ਜੰਗਲਾਂ ਦੀ ਜਗ੍ਹਾ ਕੰਕ੍ਰੀਟ ਦੇ ਜੰਗਲ ਉਗ੍ਹਾ ਦਿੱਤੇ ਹਨ ਅਤੇ ਗਗਨਚੁੰਬੀ ਇਮਾਰਤਾਂ ਗੰਨੇ ਦੀ ਖੜ੍ਹੀ ਫਸਲਾਂ ਦੀ ਤਰਾਂ ਲਗਦੀਆਂ ਹਨ.ਜਿਥੇ ਪਹਾੜ ਹੁੰਦੇ ਸਨ ਉਥੇ ਕਾਢਿਆਂ ਦੇ ਭੋੰਣ ਵਾਂਗੂੰ ਗੰਜੇ ਪਹਾੜ ਨਜ਼ਰੀਂ ਆਉਂਦੇ ਹਨ.ਭਲਾ ਧਰਤੀ ਇਸ ਤਰਾਂ ਦੀ ਹੁੰਦੀ ਸੀ ? ਕਰੋੜਾਂ ਅਰਬਾਂ ਰੁਪਿਆਂ ਲਗਾਉਣ ਦਾ ਕੀ ਫਾਇਦਾ ਜੇਕਰ ਅਸੀਂ ਮੋਸਮ ਦੀ ਤਬਦੀਲੀ ਜਾਣਦੇ ਹੋਏ ਵੀ ਹਜ਼ਾਰਾਂ ਦੀ ਤਾਦਾਦ ਵਿੱਚ ਲੋਕਾਂ ਨੂੰ ਹੜ੍ਹਾਂ ਵਿੱਚ ਰੁੜ੍ਹਨ ਤੋਂ ਨਹੀਂ ਰੋਕ ਸਕਦੇ.ਪਾਣੀਂ ਹਮੇਸ਼ਾਂ ਉਚਾਈ ਤੋਂ ਨਿਵਾਣ ਵੱਲ ਦੋੜਦਾ ਹੈ ਅਤੇ ਧਰਤੀ ਸਦਾ ਆਪਣੇ ਧਰਾਤਲ  ਨੂੰ ਪਧਰਾ ਕਰਨ ਵਿੱਚ ਲੱਗੀ ਰਹਿੰਦੀ ਹੈ.ਜਿਵੇਂ ਠੰਡ ਨਾਲ ਕੰਬਦਾ ਬੰਦਾ ਸਾਰੀ ਰਾਤ ਰਜ਼ਾਈ ਨੂ ਆਪਣੇ ਆਲੇ ਦੁਆਲੇ ਲਪੇਟਦਾ ਰਹਿੰਦਾ ਹੈ.ਉਸੇ ਤਰਾਂ ਧਰਤੀ ਨਾਲ ਜੋ ਮਨੁੱਖ ਉਚ ਨੀਚ ਖੇਡਦਾ ਹੈ ,ਉਹ ਇਸਨੂੰ ਸਿਧਾ ਕਰਨ ਵਿੱਚ ਲੱਗੀ ਰਹਿੰਦੀ ਹੈ.ਵਿਗਿਆਨੀ ਤਾਂ ਆਖਦੇ ਹਨ ਕੀ ਧਰਤੀ ਆਪਣੇ ਧੁਰੇ ਤੋਂ ਥੋੜ੍ਹੀ ਜਿਹੀ ਟੇਡੀ ਵੀ ਹੋਈ ਹੈ.ਭਾਵੇਂ ਇਹ ਟੇਢਾਪਨ ਮਿਲੀਮੀਟਰਾਂ ਵਿੱਚ ਹੀ ਕਿਉਂ ਨਾ ਹੋਵੇ , ਉਸਨੂੰ ਟੇਢਾ ਹੀ ਕਿਹਾ ਜਾਵੇਗਾ .ਇਸੇ ਕਰਕੇ ਤਾਂ ਅਸੀਂ ਸਰਦੀ ਗਰਮੀ ਦੀਆਂ ਰੁੱਤਾਂ ਦੇਖ ਸਕਦੇ ਹਾਂ .
ਖੈਰ,ਮੁਕਦੀ ਗੱਲ ਇਹ ਹੈ ਕੀ ਜਿੰਨਾਂ ਧਰਤੀ ਨੂੰ ਇੰਸਾਨ ਨੇ ਨੁਕਸਾਨ ਪਹੁੰਚਾਇਆ ਹੈ ਹੋਰ ਕਿਸੇ ਪ੍ਰ੍ਜ਼ਾਤੀ ਨੇ ਇਸਦਾ ਨੁਕਸਾਨ ਨਹੀਂ ਕੀਤਾ ਹੈ. ਇੰਸਾਨ ਨੇ ਆਪਣੀ ਤਰੱਕੀ ਦਾ ਬਹਾਨਾ ਬਣਾ ਕੇ ਇਸ ਉੱਤੇ ਚੰਗਾ ਤਰੱਕ ਪਾਇਆ ਹੈ.
ਹੁਣ ਲੋੜ੍ਹ ਹੈ ਕੀ ਹਾਲੇ ਵੀ ਸੰਭਲ ਜਾਈਏ ਅਤੇ ਵਾਤਾਵਰਣ ਦੇ ਪ੍ਰਤੀ ਅਸੀਂ ਸਾਰੇ ਸਚੇਤ ਹੋਈਏ .ਕਿਉਂਕਿ ਆਉਣ ਵਾਲੀਆਂ ਪੀੜੀਆਂ ਇਸਦਾ ਦੋਸ਼ ਮਨੁੱਖ ਦੀ ਤਰੱਕੀ ਨੂੰ ਹੀ ਦੇਣਗੀਆਂ. 

Thursday, April 2, 2015

ਸੜ੍ਹਕਾਂ ਤੇ ਘੁੰਮਦੇ ਅਵਾਰਾ ਜਾਨਵਰ ,ਦੋਸ਼ੀ ਕੋਣ...........?


                                               

Image result for ਅਵਾਰਾ ਕੁੱਤੇਸਾਡੇ ਸਮਾਜ ਵਿੱਚ ਮਨੁੱਖਾਂ ਦੇ ਨਾਲ-ਨਾਲ ਪੰਛੀਆਂ  ਅਤੇ  ਜਾਨਵਰਾਂ ਦਾ ਵੀ ਵਿਚਰਣ ਹੁੰਦਾ ਹੈ.ਲੋਕਾਂ ਨੇ ਘਰਾਂ ਵਿੱਚ ਕਬੂਤਰ ,ਤੋਤੇ,ਮੋਰ ,ਮੁਰਗੀਆਂ,ਤਿੱਤਰ ਆਦਿ ਪੰਛੀ ਪਾਲੇ ਹੁੰਦੇ ਹਨ.ਇਸੇ ਤਰਾਂ ਘਰਾਂ ਵਿੱਚ ਗਾਂ,ਮਝ,ਘੋੜੇ,ਬਲਦ,ਆਦਿ ਵੀ ਰੱਖੇ ਹੁੰਦੇ ਹਨ.ਮੈਂ ਸੋਚਦਾ ਹਾਂ ਕਿ ਇਹਨਾਂ ਜਾਨਵਰਾਂ ਵਿੱਚ ਵੀ ਰੱਬ ਨੇ ਜੇਕਰ ਸੋਚਣ-ਸਮਝਣ ਦੀ ਸੋਝੀ ਆਦਮੀ ਵਾਂਗ ਪਾਈ ਹੁੰਦੀ ਤਾਂ ਕੀ ਹੁੰਦਾ.ਸ਼ਾਇਦ ਆਦਮੀਂ ਜਦੋਂ ਕਿਸੇ ਜਾਨਵਰ ਨੂੰ ਬੇਫਾਇਦਾ ਸਮਝਕੇ ਕੇ ਘਰੋਂ ਕੱਡ ਦੇਂਦਾ ਤਾਂ ਉਹ ਜਰੂਰ ਆਦਮੀ ਉੱਤੇ ਆਪਣੇ ਜਮੀਨੀ ਹੱਕ ਅਤੇ ਧੋਖਾਧੜ੍ਹੀ ਦੇ ਕੇਸ ਅਦਾਲਤਾਂ ਤੱਕ ਲੈ ਕੇ ਜਾਂਦੇ. ਖੈਰ ਇਸ ਸਮੇਂ ਤਾਂ ਮਨੁੱਖ ਹੀ ਆਪਣੇ ਆਪ ਨੂੰ ਇਸ ਧਰਤੀ ਉੱਪਰ ਸਭ ਵਧ ਤੋਂ ਸ਼੍ਰੇਠ ਮੰਨਦਾ ਹੈ ਅਤੇ ਇਸ ਗੱਲ ਵਿੱਚ ਕੋਈ ਸ਼ੱਕ ਵੀ ਨਹੀਂ ਹੈ.ਪਰ ਜਦੋਂ ਉਸਦਾ ਵਤੀਰਾ ਅਸੀਂ ਉਹਨਾਂ ਜਾਨਵਰਾਂ ਨਾਲ ਦੇਖਦੇ ਹਾਂ ਜਿਹਨਾਂ ਨੇ ਇਸਦਾ ਕੁਝ ਵਿਗਾੜਿਆ ਵੀ ਨਹੀਂ ਹੁੰਦਾ ਪਰ ਉਹਨਾਂ ਨੂੰ ਮਨੁੱਖ ਦੀਆਂ ਵਧੀਕੀਆਂ ਸੇਹਿਣੀਆਂ ਪੈਂਦੀਆਂ ਹਨ.ਮਨੁੱਖ ਨੂੰ ਜਦੋਂ ਕੋਈ ਮਨੁੱਖ ਜ਼ਿਆਦਾ ਤੰਗ ਕਰਦਾ (ਸ਼ਰੀਰਕ ਨੁਕਸਾਨ ਪਹੁੰਚਾਉਂਦਾ ਹੈ.)ਤਾਂ ਉਹ ਅਦਾਲਤ ਤਕ ਜਾਕੇ ਫ਼ੈਸਲੇ ਘੜੀਸਦਾ ਹੈ.ਪਰ ਇਹ ਭਲਾ ਬੇਜ਼ੁਬਾਨ ਕਿਸ ਅਦਾਲਤ ਵਿੱਚ ਜਾ ਸਕਦੇ ਹਨ.
ਮੇਨਕਾ ਗਾਂਧੀ ਜੀ ਦੀ ਪ੍ਰਸਿਧੀ ਇਸ  ਬਾਰੇ ਸਰਵ ਸਿਧ ਹੈ ਕਿ ਉਹ ਇਹਨਾਂ ਬੇਜ਼ੁਬਾਨ ਪੰਛੀਆਂ ਅਤੇ ਜਾਨਵਰਾਂ ਬਾਰੇ ਬਹੁਤ ਡੂੰਘੀ ਸੋਚ ਰਖਦੀ ਹੈ. ਪਰ ਕਿਸੇ ਜਾਨਵਰ ਜਾਂ ਪੰਛੀ ਨੂੰ ਥੋੜਾ ਪਤਾ ਹੈ ਕਿ ਉਹ ਕੋਣ ਹੈ.ਇਹ ਤਾਂ ਸਿਰਫ਼ ਮਨੁੱਖੀ ਗਿਆਨ ਤੱਕ ਸੀਮਤ ਹੈ.ਪੰਛੀ ਜਾਂ ਜਾਨਵਰ ਤਾਂ ਕੇਵਲ ਉਸੇ ਦੇ ਨਾਲ ਹੀ ਆਪਣੀ ਮਿੱਤਰਤਾ ਦਰਸ਼ਾਉਂਦੇ ਹਨ ਜੋ ਉਹਨਾਂ ਦੇ ਕੋਲ ਰਹਿੰਦੇ ਹਨ.

Image result for ਅਵਾਰਾ ਕੁੱਤੇ
 ਬੇਫਾਇਦਾ ਸਮਝਕੇ ਘਰੋਂ ਕੱਡ ਦਿੱਤੇ ਗਏ ਜਾਨਵਰ ਲੋਕਾਂ ਲਈ ਪਰੇਸ਼ਾਨੀ ਦਾ ਸੱਬਬ ਬਣਦੇ ਹਨ.ਪਰ ਦੂਜੇ ਪਾਸੇ ਇੱਕ ਵਿਸ਼ਾ ਹੋਰ ਵੀ ਦਿਮਾਗ ਵਿੱਚ ਆਉਂਦਾ ਹੈ ਕਿ ਸ਼ਹਿਰਾਂ ਵਿੱਚ ਥਾਂ-ਥਾਂ ਤੇ ਅਵਾਰਾ ਘੁੰਮਦੇ ਇਹਨਾਂ ਜਾਨਵਰਾਂ ਬਾਰੇ ਕਿਸਨੇ ਸੋਚਣਾ ਹੈ ? ਕੁੱਤਿਆਂ ਦੇ ਝੁੰਡ ਜਗ੍ਹਾ-ਜਗ੍ਹਾ ਘੁੰਮਦੇ ਨਜ਼ਰ ਆਉਂਦੇ ਹਨ.ਕਈ ਅਜੇਹੀਆਂ ਘਟਨਾਵਾਂ ਹੋ ਚੁਕੀਆਂ ਹਨ ਕਿ ਇਹਨਾਂ ਅਵਾਰਾ ਕੁੱਤਿਆਂ ਨੇ ਕਿਸੇ ਮਾਸੂਮ ਬੱਚੇ ਨੂੰ ਖਾ ਛਡਿਆ ਅਤੇ ਕਿਸੇ ਸਿਆਣੇ ਬੰਦੇ ਦੀ ਲੱਤ ਵੱਡ ਛੱਡੀ .ਕੁੱਤੇ ਦਾ ਕੱਟਿਆ ਡਾਕਟਰਾਂ ਕੋਲ ਜਾ ਕੇ ਟੀਕੇ ਲਗਵਾਉਂਦਾ ਫਿਰਦਾ ਹੈ ਪਰ ਕੁੱਤੇ ਫਿਰ ਉਸੇ ਤਰਾਂ ਘੁੰਮਦੇ ਨਜ਼ਰ ਆਉਂਦੇ ਹਨ .ਸਮੇਂ ਦੀਆਂ ਸਰਕਾਰਾਂ ਨੇ ਸ਼ਾਇਦ ਇਹਨਾਂ ਅਵਾਰਾ ਜਾਨਵਰਾਂ ਬਾਰੇ ਕੋਈ ਠੋਸ ਨੀਤੀ ਨਹੀਂ ਬਣਾਈ ਅਤੇ ਜੇਕਰ ਬਣਾਈ ਵੀ ਹੋਵੇਗੀ ਤਾਂ ਅਵਾਰਾ ਕੁੱਤਾ ਕੱਟਣ ਤੇ ਕਿਸਨੂੰ ਦੋਸ਼ੀ ਠਹਰਾਇਆ ਜਾਵੇਗਾ ਇਸ ਬਾਰੇ ਅਸੀਂ ਕੋਈ ਗੱਲ ਨਹੀਂ ਸੁਣੀ. ਸਾਡੀਆਂ ਸੜ੍ਹਕਾਂ ਤੇ ਖੁੱਲੇ ਅਤੇ ਅਵਾਰਾ ਘੁੰਮਦੇ ਸਾਂਢ ਵੀ ਕਈ ਤਰਾਂ ਦੇ ਗੰਭੀਰ ਦੁਰਘਟਨਾਵਾਂ ਨੂੰ ਜਨਮ ਦਿੰਦੇ ਹਨ.ਸ਼ਾਇਦ ਇਹ ਸਾਡੇ ਲੋਕਾਂ ਵਾਸਤੇ ਇੱਕ ਆਦਤ ਬਣ ਚੁਕੀ ਹੈ ਕਿ ਇਹਨਾਂ ਜਾਨਵਰਾਂ ਨੂੰ ਆਪਣੇ ਆਲ੍ਹੇ-ਦੁਆਲ੍ਹੇ ਘੁੰਮਦੇ ਦੇਖ ਕੇ ਵੀ ਸਾਨੂੰ ਕੁਝ ਅਜ਼ੀਬ ਮਹਿਸੂਸ ਨਹੀਂ ਹੁੰਦਾ .ਇਹਨਾਂ ਦੇ ਬਾਰੇ ਸਿਰਫ਼ ਵਿਚਾਰ ਉਦੋਂ ਹੀ ਕੀਤਾ ਜਾਂਦਾ ਹੈ ਜਦੋਂ ਕੋਈ ਹਾਦਸਾ ਹੋ ਜਾਂਦਾ ਹੈ.ਕੁੱਤਿਆਂ ਦੀਆਂ ਕਤਾਰਾਂ ਸੜ੍ਹਕਾਂ ਉੱਤੇ ਮਰੀਆਂ ਹੋਈਆਂ ਦੇਖੀਆਂ ਜਾ ਸਕਦੀਆਂ ਹਨ.ਪਰ ਕੋਣ ਸੋਚਦਾ ਹੈ....? ਗਊ ਅਤੇ ਸਾਂਢ ਬਾਰੇ ਗੱਲ ਕਰੀਏ ਤਾਂ ਜਦੋਂ ਤੱਕ ਉਹਨਾਂ ਦੀ ਲੋੜ ਹੁੰਦੀ ਹੈ ਲੋਕੀ ਉਹਨਾਂ ਨੂੰ ਵਰਤਦੇ ਹਨ ਬਾਅਦ ਵਿੱਚ ਉਹ ਵੀ ਉਹਨਾਂ ਨੂੰ ਸੜ੍ਹਕਾਂ ਉੱਤੇ ਘੁੰਮਣ ਲਈ ਛਡ ਦਿੰਦੇ ਹਨ.ਮੈਨੂ ਲਗਦਾ ਹੈ ਕਿ ਇਸ ਬਾਰੇ ਸਾਨੂੰ ਸਾਰਿਆਂ ਨੂੰ ਗੰਭੀਰਤਾ ਨਾਲ ਸੋਚਣਾ ਚਾਹਿਦਾ ਹੈ.