Saturday, March 28, 2015

ਜ਼ਰਾ ਸੋਚੋ ...........

ਅਸੀਂ ਸਾਰੀ ਉਮਰ ਕੁਝ ਨਾ ਕੁਝ ਰੁਝੇਵਿਆਂ ਵਿੱਚ ਫ਼ਸੇ ਹੀ ਰਹਿੰਦੇ ਹਾਂ.ਜ਼ਰਾ ਇਸ ਗੱਲ ਤੇ ਜ਼ੋਰ ਦੇ ਕੇ ਦੇਖੋ ਕਿ ਅਸੀਂ ਸਾਰੇ ਹਰ ਵੇਲੇ ਕੁਝ ਨਾ ਕੁਝ ਕਰ ਹੀ ਰਹੇ ਹੁੰਦੇ ਹਾਂ.ਮੇਰੇ ਇੱਕ ਮਿੱਤਰ ਸ਼੍ਰੀ ਹਰਪ੍ਰੀਤ ਸਿੰਘ ਜੀ ਨੇ ਇੱਕ ਵਾਰੀ ਹਾਸੇ-ਹਾਸੇ ਵਿੱਚ ਹੀ ਇਹ ਗੱਲ ਕਹੀ ਸੀ ਕਿ ਅਸੀਂ ਕਦੇ ਬੋਰ ਕਿਉਂ ਨਹੀਂ ਹੁੰਦੇ .ਕਿਉਂਕਿ ਹਰ ਰੋਜ਼ ਦੀ ਰੁਟੀਨ ਨੂੰ ਧਿਆਨ ਨਾਲ ਵੇਖੋ ਅਸੀਂ ਕੀ-ਕੀ ਕਰਦੇ ਹਾਂ.ਅਸੀਂ ਹਰ ਰੋਜ ਸਵੇਰੇ ਉਠਦੇ ਹਾਂ.ਰੱਬ ਦਾ ਨਾਮ ਲੈਂਦੇ ਹਾਂ,ਰੋਜ਼ਾਨਾ ਦੇ ਕੰਮ-ਕਾਰ ਵਿੱਚ ਰੁਝ ਜਾਂਦੇ ਹਾਂ ਜੋ ਅਸੀਂ ਹਰ ਰੋਜ਼ ਕਰਦੇ ਹਾਂ.ਇਹੀ ਸਾਡਾ ਜੀਵਨ ਹੈ.ਪੰਛੀ ਵੀ ਹਰ ਰੋਜ਼ ਉਠਦੇ ਹਨ ਅਤੇ ਆਪਣੇ ਰੋਟੀ ਰੋਜ਼ੀ ਦੇ ਜੁਗਾੜ ਵਿੱਚ ਰੁਝੇ ਰਹਿੰਦੇ ਹਨ.ਕੀ ਇਹੀ ਜੀਵਨ ਹੈ?
ਜੇਕਰ ਇਹੀ ਜੀਵਨ ਹੈ ਤਾਂ ਆਪਣੇ ਆਪ ਹੀ ਸਿਧ ਹੋ ਜਾਂਦਾ ਹੈ ਕਿ ਮਨੁੱਖ ਵੀ ਇੱਕ (ਸਮਾਜਿਕ-ਜਾਨਵਰ) ਦੂਜੇ ਜਾਨਵਰਾਂ ਅਤੇ ਪਰਿੰਦਿਆਂ ਦੀ ਤਰਾਂ ਹੀ ਜੀਵਨ ਭੋਗ ਕੇ ਚਲਾ ਜਾਂਦਾ ਹੈ.ਮੇਰੇ ਇੱਕ ਹੋਰ ਮਿੱਤਰ ਸ਼੍ਰੀ ਯਸ਼ਵੀਰ ਕੁਮਾਰ ਇੱਕ ਵਾਰੀ ਇਸੇ ਤਰਾਂ ਗੱਲਾਂ ਕਰਦੇ-ਕਰਦੇ ਕਹਿਣ ਲੱਗੇ ਕਿ ਮਨੁੱਖ ਦਾ ਮੰਤਵ ਜਾਨਵਰਾਂ ਵਾਲਾ ਨਹੀਂ ਹੋ ਸਕਦਾ .ਇਸਦੇ ਜਨਮ ਦੇ ਉਦੇਸ਼ ਵਿੱਚ ਅਤੇ ਜਾਨਵਰਾਂ ਅਤੇ ਪੰਛੀਆਂ ਦੇ ਜਨਮ ਲੈਣ ਵਿੱਚ ਕੋਈ ਤਾਂ ਫ਼ਰਕ ਜਰੂਰ ਹੋਵੇਗਾ .ਭੋਤਿਕ ਤੋਰ ਤੇ ਤਾਂ ਭਾਵੇਂ ਅਸੀਂ ਵੀ ਇਸ ਧਰਤੀ ਉੱਤੇ ਆ ਕੇ ਇੱਕ ਘੋਂਸਲਾ (ਘਰ) ਬਣਾਉਣ ਅਤੇ ਚੋਗਾ ਲਭਣ ਵਾਸਤੇ (ਪੈਸਾ ਕਮਾਉਣ ਅਤੇ ਸੁਖ-ਸੁਵਿਧਾ ਦੀ ਤਰੱਕੀ ਵਾਸਤੇ) ਸਾਰਾ ਜੀਵਨ ਭਜਦੇ ਰਹਿੰਦੇ ਹਾਂ.ਪੈਸੇ ਦੀ ਖ਼ੋਜ ਜਦੋਂ ਨਹੀ ਸੀ ਹੋਈ ਉਸ ਵੇਲੇ ਵੀ ਤਾਂ ਕੋਈ ਪ੍ਰਣਾਲੀ (ਜਿਸ ਨੂੰ ਅਸੀਂ ਅਜਕਲ ਅਰਥ ਵਿਵਸਥਾ ਕਹਿੰਦੇ ਹਾਂ) ਜਰੂਰ ਬਣੀ ਹੋਵੇਗੀ.                                          
ਅਸੀਂ ਪੜ੍ਹਦੇ ਹਾਂ ਕਿ ਮਨੁੱਖ ਨੂੰ ਆਪਣੇ ਆਰੰਭਿਕ ਜੀਵਨ ਵਿੱਚ ਅੱਗ ਬਾਲਣ ਦਾ ਵੀ ਨਹੀਂ ਸੀ ਪਤਾ ਅਤੇ ਨਾ ਹੀ ਖੇਤੀ-ਬਾੜੀ ਦਾ ਕੋਈ ਗਿਆਨ ਸੀ .ਉਸ ਵੇਲੇ ਦੇ ਮਨੁੱਖ ਦਾ ਉਦੇਸ਼ ਕੇਵਲ ਅਤੇ ਕੇਵਲ ਭੋਜਨ ਦੀ ਭਾਲ ਹੀ ਹੁੰਦਾ ਸੀ .ਉਸ ਵੇਲੇ ਅਸੀਂ ਕਹਿੰਦੇ ਹਾਂ ਕਿ ਮਨੁੱਖ ਦਾ ਜੀਵਨ ਜਾਨਵਰਾਂ ਦੀ ਤਰਾਂ ਹੀ ਸੀ ਜੋ ਸਾਰਾ ਦਿਨ ਭੋਜਨ ਦੀ ਤਲਾਸ਼ ਵਿੱਚ ਹੀ ਇਧਰ ਉਧਰ ਭਟਕਦਾ ਰਹਿੰਦਾ ਸੀ.ਪਰ ਜੇਕਰ ਧਿਆਨ ਨਾਲ ਦੇਖਿਆ ਜਾਵੇ ਤਾਂ ਪੈਸੇ ਅਤੇ ਨਵੀਂ ਤਰਾਂ ਦੀਆਂ ਅਰਥ ਵਿਵਸਥਾ ਲਾਗੂ ਕਰਨ ਤੋਂ ਬਾਅਦ ਮਨੁੱਖ ਵਿੱਚ ਆਪਣੇ ਕੰਮ ਕਾਰ ਦੀ ਤਬਦੀਲੀ ਤੋਂ ਬਿਨਾ ਹੋਰ ਭਲਾ ਕੀ ਅੰਤਰ ਆਇਆ ਹੈ.ਸ਼ਾਇਦ ਕੁਝ ਵੀ ਨਹੀਂ.ਸਿਰਫ਼ ਇਹੀ ਹੋਇਆ ਹੈ ਕਿ ਮਨੁੱਖ ਕੇਵਲ ਆਰਾਮ-ਪ੍ਰਸਤ ਹੀ ਹੋਇਆ ਹੈ.ਵਿਹਲਾ ਸਮਾਂ ਉਹ ਆਪਣੇ ਜੀਵਨ ਦੇ ਉਦੇਸ਼ ਬਾਰੇ ਸੋਚਣ ਦੀ ਬਜਾਏ ਊਲ-ਜਲੂਲ ਦੇ ਕੰਮਾਂ ਵਿੱਚ ਜਾਂ ਇੱਕ-ਦੂਜੇ ਨਾਲ ਦੁਸ਼ਮਣੀਆਂ ਨਿਭਾਉਣ ਵਿੱਚ ਹੀ ਨਿਭਾ ਰਿਹਾ ਹੈ.ਮਨੁੱਖ ਨੇ ਸਾਇੰਸ ਦੇ ਜਰੀਏ ਜਿੰਨਾਂ ਆਪਣੇ-ਆਪ ਨੂੰ ਸੁੱਖ-ਸੁਵਿਧਾ ਵਿੱਚ ਪਾਇਆ ਹੈ ਉਨ੍ਨਾ ਹੀ ਪਹਿਲੇ ਤੋਂ ਜ਼ਿਆਦਾ ਦੁਖੀ ਹੁੰਦਾ ਜਾ ਰਿਹਾ ਹੈ.ਸਾਇੰਸ ਵਾਲੇ ਪਾਸੇ ਮਨੁੱਖ ਨੇ ਤਰੱਕੀ ਤਾਂ ਕੀਤੀ ਹੀ ਹੈ ਅਤੇ ਇਸ ਵਿੱਚ ਕੋਈ ਸ਼ੱਕ ਵੀ ਨਹੀ ਹੈ .ਪਰ ਉਸਦੀ ਮਨੁਖਤਾ ਹਾਲੇ ਵੀ ਜੰਗਲੀ ਜੀਵਨ ਹੀ ਜੀ ਰਹੀ ਹੈ.ਉਸਨੇ ਆਪਣੇ ਵਰਗੇ ਹੀ ਮਨੁਖਾਂ ਨੂੰ ਮਾਰਨ ਵਾਸਤੇ ਅਜਿਹੇ ਭਿਆਨਕ ਤੋਂ ਭਿਆਨਕ ਹਥਿਆਰ ਬਣਾ ਲਏ ਹਨ ਕਿ ਆਪਣੇ ਘਰ (ਦੇਸ਼ ਵਿੱਚ )ਬੈਠਾ ਹੀ ਉਹ ਦੂਰ-ਦੂਰ ਤਕ ਮਾਰ ਕਰ ਸਕਦੇ ਹਨ. ਜਿਵੇਂ ਜੰਗਲੀ ਜੀਵ ਇੱਕ ਦੂਜੇ ਦੇ ਇਲਾਕੇ ਵਿੱਚ ਦੂਜੇ ਨੂੰ ਨਹੀਂ ਵੜਨ ਦਿੰਦੇ, ਕੀ ਉਸੇ ਤਰਾਂ ਹੀ ਮਨੁੱਖ ਨੇ ਵੀ ਆਪਣੇ-ਆਪਣੇ ਇਲਾਕੇ (ਦੇਸ਼ ਬਣਾਏ ਹੋਏ ਹਨ)ਨਹੀਂ ਵੰਡੇ ਹੋਏ ਹਨ?ਇੱਕ ਇਲਾਕੇ ਦਾ ਕੋਈ ਵੀ ਮਨੁੱਖ ਦੂਜੇ ਦੇ ਇਲਾਕੇ ਵਿੱਚ ਨਹੀਂ ਜਾ ਸਕਦਾ .ਜਿਵੇਂ ਮਨੁੱਖ ਸ਼ੁਰੂ ਵਿੱਚ ਸੀ ਉਸੇ ਤਰਾਂ ਸ਼ਾਇਦ ਹੁਣ ਵੀ ਹੈ.ਫ਼ਰਕ ਸਿਰਫ਼ ਉਸਦੇ ਕੰਮ ਕਰਨ ਦੇ ਢੰਗ ਅਤੇ ਰੁਝੇਵਿਆਂ ਦਾ ਹੈ.

Reactions:

0 comments:

Post a Comment