8:45 PM
ਗੱਲਾਂ ਤਾਂ ਗੱਲਾਂ ਹੀ ਹੁੰਦੀਆਂ ਹਨ.ਚਾਹੇ ਜਰੂਰੀ ਹੋਣ ਜਾਂ ਵਿਹਲੀਆਂ ਹੋਣ.ਇਹਨਾਂ ਦਾ ਆਪਣਾ ਹੀ ਮਹੱਤਵ ਹੁੰਦਾ ਹੈ.ਜੇਕਰ ਦੋ ਮਨੁੱਖ ਕਿਸੇ ਸਫ਼ਰ ਤੇ ਜਾ ਰਹੇ ਹੋਣ ਅਤੇ ਇੱਕ ਦੂਸਰੇ ਨੂੰ ਨਾ ਜਾਣਦੇ ਹੋਣ ਤਾਂ ਵੀ ਇੱਕ ਦੂਸਰੇ ਨਾਲ ਗੱਲਬਾਤ ਸ਼ੁਰੂ ਕਰਨ ਦਾ ਕਈ ਲੋਕਾਂ ਵਿੱਚ ਬੜਾ ਹੁੰਨਰ ਹੁੰਦਾ ਹੈ.ਕੁਝ ਲੋਕ ਮੇਰੇ ਵਾਂਗ ਸ਼ਰਮਾਕਲ ਟਾਈਪ ਦੇ ਹੁੰਦੇ ਹਨ .ਉਹ ਕਿਸੇ ਨਾਲ ਗੱਲ ਕਰਨ ਤੋਂ ਪਹਿਲਾਂ ਪੰਜਾਹ ਵਾਰੀ ਸੋਚਦੇ ਹਨ.ਜਾਂ ਕਹਿ ਲਵੋ ਕਿ ਅਨਜਾਨ ਆਦਮੀ ਨਾਲ ਗੱਲ ਕਰਨ ਵੇਲੇ ਜ਼ਰਾ ਮੁਸ਼ਕਿਲ ਆਉਂਦੀ ਹੈ,ਪਰ ਅਕਸਰ ਬਹੁਤ ਸਾਰੇ ਲੋਕਾਂ ਨੂੰ ਇਸ ਵਿਸ਼ੇ ਵਿੱਚ ਕੋਈ ਦਿੱਕਤ ਨਹੀਂ ਆਉਂਦੀ. ਕਈ ਲੋਕ ਅਜਿਹੇ ਵੀ ਦੇਖਣ ਨੂੰ ਮਿਲ ਜਾਣਗੇ ਜਿਹੜੇ ਚੁੱਪ ਹੀ ਨਹੀਂ ਹੁੰਦੇ ,ਉਹ ਕੁਝ ਨਾ ਕੁਝ ਬੋਲਦੇ ਹੀ ਰਹਿੰਦੇ ਹਨ.ਚਾਹੇ ਕੋਈ ਉਹਨਾਂ ਦੀ ਗੱਲ ਸੁਣਨ ਵਿੱਚ ਦਿਲਚਸਪੀ ਲਵੇ ਚਾਹੇ ਨਾ ਲਵੇ ਪਰ ਉਹ ਲਗਾਤਾਰ ਬੋਲਦੇ ਹੀ ਜਾਂਦੇ ਹਨ .ਕਦੇ-ਕਦੇ ਬਸ ਜਾਂ ਗੱਡੀ ਵਿੱਚ ਸਫ਼ਰ ਕਰੋ ਤਾਂ ਇਸ ਤਰਾਂ ਦੇ ਬਹੁਤ ਸਾਰੇ ਲੋਕ ਮਿਲ ਜਾਂਦੇ ਹਨ ਜੋ ਬਿਨ੍ਹਾ ਰੁਕੇ ਬੋਲਦੇ ਹੀ ਰਹਿੰਦੇ ਹਨ.ਉਹਨਾਂ ਨੂੰ ਆਲੇ-ਦੁਆਲੇ ਨਾਲ ਕੋਈ ਫ਼ਰਕ ਨਹੀਂ ਪੈਂਦਾ.ਪਰ ਅਜਿਹੇ ਲੋਕ ਖੁਲੇ ਦਿਲ ਵਾਲੇ ਹੁੰਦੇ ਹਨ .ਉਹ ਕਿਸੇ ਤੋਂ ਸ਼ਰਮ ਨਹੀਂ ਖਾਂਦੇ ਅਤੇ ਮਦਦ ਕਰਨ ਵੇਲੇ ਵੀ ਸਭਤੋਂ ਅੱਗੇ ਹੁੰਦੇ ਹਨ.ਹੋ ਸਕਦਾ ਹੈ ਇਸ ਵਿੱਚ ਉਹ ਲੋਕ ਜ਼ਰਾ ਝਕਦੇ ਹੋਣ ਜੋ ਜ਼ਿਆਦਾ ਗੱਲ ਕਰਨਾ ਪਸੰਦ ਨਹੀਂ ਕਰਦੇ.
ਪ੍ਰੰਤੂ ਜੇਕਰ ਗੱਲਾਂ ਕਰਨ ਦੀ ਗੱਲ ਚੱਲੀ ਹੈ ਤਾਂ ਅਸੀਂ ਦੇਖਦੇ ਹਾਂ ਕਿ ਔਰਤਾਂ ਦੀਆਂ ਗੱਲਾਂ ਬਾਰੇ ਬਹੁਤ ਸਾਰੇ ਅਖਾਣ ਵੀ ਬਣੇ ਹੋਏ ਹਨ.ਕਿ ਦੋ ਔਰਤਾਂ ਚੁੱਪ ਕਰਕੇ ਬੈਠੀਆਂ ਸਨ.ਇਹ ਇੱਕ ਵੱਡਾ ਹੈਰਾਨੀਜਨਕ ਵਾਕ ਹੈ.ਅਜਿਹਾ ਕਿਹਾ ਜਾਂਦਾ ਹੈ.ਪਰ ਮੈਂ ਅਕਸਰ ਅਜਿਹਾ ਦੇਖਿਆ ਹੈ ਕਿ ਬਹੁਤ ਸਾਰੀਆਂ ਔਰਤਾਂ ਵੀ ਚੁੱਪ ਸਨ.ਖੈਰ,ਜੇਕਰ ਗੱਲਬਾਤ ਦੋਰਾਨ ਵਿਸ਼ੇ ਬਾਰੇ ਚਰਚਾ ਕਰੀਏ ਤਾਂ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਔਰਤਾਂ ਦੇ ਮਨਪਸੰਦ ਵਿਸ਼ੇ ਸੱਸ ,ਸੋਨਾ ਅਤੇ ਸੂਟ ਹਨ.ਉਹਨਾਂ ਦੀਆਂ ਗੱਲਾਂ ਵਿੱਚ ਨਵੇਂ-ਨਵੇਂ ਸੂਟਾਂ,ਸੱਸਾਂ ਦੀਆਂ ਸ਼ਿਕਾਇਤਾਂ ਜਾਂ ਸੋਨੇ ਦੇ ਗਹਿਣੇ ਦੇ ਵਿਸ਼ੇ ਹੀ ਜ਼ਿਆਦਾ ਹੁੰਦੇ ਹਨ. ਕੁਝ ਮੁਹੱਲੇ ਵਿੱਚ ਤਾਂ ਅਜਿਹੀਆਂ ਔਰਤਾਂ ਵੀ ਮਿਲ ਜਾਣਗੀਆਂ ਜੋ ਕਦੇ ਆਪਣੇ ਘਰ ਜ਼ਿਆਦਾ ਦੇਰ ਨਹੀਂ ਬੈਠਦੀਆਂ.ਉਹ ਕਿਸੇ ਨਾ ਕਿਸੇ ਬਹਾਨੇ ਕਦੇ ਕਿਸੇ ਅਤੇ ਕਦੇ ਕਿਸੇ ਦੇ ਘਰ ਜਾ ਕੇ ਦੂਜੀਆਂ ਗਵਾਂਡਣ ਨਾਲ ਗੱਲ-ਬਾਤ ਕਰ ਰਹੀਆਂ ਹੁੰਦੀਆਂ ਹਨ.ਦੂਜੀਆਂ ਔਰਤਾਂ ਅਜਿਹੀਆਂ ਔਰਤਾਂ ਨੂੰ ਫ੍ਫ਼ਾਕੁੱਟਣ ਵੀ ਆਖਦੀਆਂ ਹਨ.ਪਰ ਅੱਜਕਲ ਹੋਲੀ-ਹੋਲੀ ਮਾਹੋਲ ਬਦਲਦਾ ਜਾ ਰਿਹਾ ਹੈ.ਆਰਥਿਕ ਬਦਲਾਵ ਨੇ ਸਮਾਜਿਕ ਬਦਲਾਵ ਵੀ ਤੇਜ਼ੀ ਨਾਲ ਲਿਆਂਦੇ ਹਨ.ਅੱਜਕਲ ਔਰਤਾਂ ਆਦਮੀਆਂ ਤੋਂ ਅਧਿਕ ਅੱਗੇ ਹਨ ਚਾਹੇ ਪੜਾਈ ਹੋਵੇ ਜਾਂ ਕਮਾਈ.ਕੰਪੀਟੀਸ਼ਨ ਵਿੱਚ ਅਕਸਰ ਲੜਕੀਆਂ ਹੀ ਬਾਜ਼ੀ ਮਾਰ ਰਹੀਆਂ ਹਨ. ਖੈਰ ਗੱਲ ਗੱਲਾਂ ਦੀ ਹੋ ਰਹੀ ਹੈ ਤਾਂ ਔਰਤਾਂ ਦੇ ਉਲਟ ਆਦਮੀਆਂ ਬਾਰੇ ਗੱਲ ਕਰੀਏ ਤਾਂ ਉਹ ਜਿਆਦਾਤਰ ਰਾਜਨੀਤਿਕ ਵਿਸ਼ਿਆਂ ਉੱਤੇ ਜਾਂ ਇੱਕ ਦੂਜੇ ਦੋਸਤਾਂ ਦੀਆਂ ਸ਼ਿਕਾਇਤਾਂ ਬਾਰੇ ਗੱਲਾਂ ਕਰਦੇ ਦੇਖੇ ਜਾਂਦੇ ਹਨ.ਹੋ ਸਕਦਾ ਹੈ ਕਿ ਉਮਰ ,ਪੇਸ਼ਾ ਅਤੇ ਸਮਾਜਿਕ ਵਾਤਾਵਰਨ ਦਾ ਵੀ ਅਜਿਹੀਆਂ ਗੱਲਾਂ ਉੱਤੇ ਅਸਰ ਪੈਂਦਾ ਹੋਵੇ.ਡਾਕਟਰ ਕਦੇ ਵੀ ਕਪੜੇ ਦੇ ਕਾਰੋਬਾਰ ਬਾਰੇ ਗੱਲ ਨਹੀਂ ਕਰਦਾ ਅਤੇ ਨਾ ਹੀ ਕੋਈ ਆਪਣੇ ਪੇਸ਼ੇ ਤੋਂ ਹਟਕੇ ਕੋਈ ਸੁਪਣਾ ਦੇਖਦਾ ਹੈ.ਪਰ ਅਜਿਹਾ ਤਾਂ ਜਰੂਰ ਹੈ ਕਿ ਗੱਲਾਂ ਦਾ ਵਿਸ਼ਾ ਜਿਥੋਂ ਮਰਜ਼ੀ ਸ਼ੁਰੂ ਹੋਵੇ ਇਸਦਾ ਅੰਤ ਉਥੇ ਹੀ ਹੁੰਦਾ ਹੈ ਜਿਥੇ ਇਸਦੀ ਸ਼ੁਰੁਆਤ ਨਾਲ ਦੂਰ-ਦੂਰ ਤਕ ਕੋਈ ਸੰਬਧ ਨਹੀਂ ਹੁੰਦਾ. ਸਹੀ ਹੀ ਕਿਹਾ ਜਾਂਦਾ ਹੈ ਕਿ ਲੋਕਤੰਤਰ ਕਿਤਾਬਾਂ ਵਿੱਚ ਨਹੀਂ ਬਲਕਿ ਬੱਸਾਂ ਅਤੇ ਗੱਡੀਆਂ ਵਿੱਚ ਜਾਂ ਪਬਲਿਕ ਥਾਵਾਂ ਤੇ ਦੇਖਣ ਨੂੰ ਮਿਲਦਾ ਹੈ.ਅਜਿਹੀਆਂ ਥਾਵਾਂ ਤੇ ਹੀ ਸਾਡੀਆਂ ਸਮੇਂ ਦੀਆਂ ਸਰਕਾਰਾਂ ਪ੍ਰਤੀ ਸਾਡੇ ਲੋਕਾਂ ਦੇ ਦ੍ਰਿਸ਼ਟੀਕੋਣ ਦਾ ਪਤਾ ਲਗਦਾ ਹੈ.
0 comments:
Post a Comment