Tuesday, March 17, 2015

ਕਈ ਵਾਰ ਕੁਝ ਸਵਾਲਾਂ ਦੇ ਜਵਾਬ ਨਹੀਂ ਮਿਲਦੇ

                        ਕਦੇ -ਕਦੇ ਉਹਨਾਂ ਦੀ ਕਮੀ ਬਹੁਤ ਹੀ ਖਲਦੀ ਹੈ ਜਿਹਨਾਂ ਕੋਲ ਬੈਠਕੇ ਦਿਲ ਨੂੰ ਬਹੁਤ ਹੀ ਸਕੂਨ ਮਿਲਦਾ ਸੀ .ਮੇਰੇ ਪਿਤਾ ਜੀ ,ਜਿਹਨਾਂ ਕੋਲ ਬੈਠਣ ਤੋਂ ਬਾਅਦ ਸਾਰੇ ਸਵਾਲਾਂ ਦੇ ਜਵਾਬ ਖੁਦ ਹੀ ਮਿਲ ਜਾਂਦੇ ਸਨ.ਉਹਨਾਂ ਨੂੰ ਮਿਲਣ ਤੋਂ ਪਹਿਲਾਂ ਬਹੁਤ ਸਾਰੇ ਸਵਾਲ ਹੁੰਦੇ ਸਨ ਪ੍ਰੰਤੂ ਉਹਨਾਂ ਕੋਲ ਬੈਠਕੇ ਜਿਵੇਂ ਸਾਰੇ ਸਵਾਲਾਂ ਦੇ ਜਵਾਬ ਆਪਣੇ ਆਪ ਹੀ ਮਿਲਣੇ ਸ਼ੁਰੂ ਹੋ ਜਾਂਦੇ ਸਨ.ਕੋਈ ਵੀ ਸਵਾਲ ਨਿਰੁੱਤਰ ਨਹੀਂ ਸੀ ਰਹਿੰਦਾ .ਪਿਤਾ ਜੀ ਹਰ ਸਵਾਲ ਦਾ ਜਵਾਬ ਬੜੇ ਹੀ ਸਲੀਕੇ ਨਾਲ ਉਦਾਹਰਨਾਂ ਸਹਿਤ ਦਿੰਦੇ ਸਨ.ਉਹਨਾਂ ਦੀ ਸਫ਼ੇਦ ਦਾੜੀ ਚਮਕਦੀਆਂ ਅੱਖਾਂ ਅਤੇ ਹਸਦਾ ਚਿਹਰਾ ਅੱਖਾਂ ਅੱਗੇ ਆ ਜਾਂਦਾ ਹੈ ਤਾਂ ਰੂਹਾਨੀਅਤ ਦਾ  ਅਹਿਸਾਸ ਹੋ ਉਠਦਾ ਹੈ.ਉਹ ਹਮੇਸ਼ਾਂ ਆਖਦੇ ਸਨ ਦੁਨਿਆਵੀ ਗੱਲਾਂ ਹੀ ਸਾਰੇ ਪੁੱਛਦੇ ਰਹਿੰਦੇ ਹੋ .ਜਦੋਂ ਵੀ ਗੱਲ ਕਰਨੀ ਹੋਵੇ ਕੋਈ ਅੰਦਰੂੰਨੀ ਗੱਲ ਵੀ ਪੁੱਛਿਆ ਕਰੋ.ਬਾਹਰ ਦੇ ਝਮੇਲੇ ਤਾਂ ਖਤਮ ਹੀ ਨਹੀਂ ਹੋਣੇ .ਉਹ ਅਕਸਰ ਅੰਦਰੂਨੀ ਗੱਲਾਂ ਖੋਲ ਕੇ ਕਰਿਆ ਕਰਦੇ ਸਨ ਅਤੇ ਆਖਿਆ ਕਰਦੇ ਸਨ ਕਿ ਜਦੋਂ ਤੱਕ ਤੁਸੀਂ ਖੁੱਦ ਕੁਝ ਨਹੀਂ ਦੇਖ ਲੈਂਦੇ  ਉਤਨਾ ਚਿਰ ਵਿਸ਼ਵਾਸ ਨਹੀਂ ਕਰਨਾ ਚਾਹੀਦਾ.

                     ਉਹਨਾਂ ਦੇ ਜਾਣ ਤੋਂ ਬਾਅਦ ਖਾਲੀਪਨ ਜਿਹਾ ਤਾਂ ਚਲਦਾ ਹੀ ਰਹਿੰਦਾ ਹੈ.ਪ੍ਰੰਤੂ ਕੁਝ ਸਮਾਂ ਕੁਝ ਦਿਲਾਸਾ ਫ਼ੋਜੀ ਸਾਹਿਬ ਵੀ ਦੇਂਦੇ ਰਹੇ ਸਨ .ਉਹ ਬਹੁਤ ਹੀ ਭਗਤੀ ਭਾਵ ਵਾਲੇ ਸਨ .ਪਿਤਾ ਜੀ ਵਾਂਗੂੰ ਉਹ ਵੀ ਹਮੇਸ਼ਾਂ ਅਭਿਆਸ ਉੱਤੇ ਹੀ ਜ਼ੋਰ ਦਿੰਦੇ ਸਨ.ਮੇਰੇ ਪਾਪਾ ਜੀ ਆਪਣੇ ਜੀਵਨ ਵਿੱਚ ਕਦੇ ਵੀ ਕਿਸੇ ਮੰਦਿਰ ਗੁਰਦਵਾਰੇ ਜਾਂ ਕਿਸੇ ਹੋਰ ਧਾਰਮਿਕ ਸਥਾਨ ਤੇ ਨਹੀਂ ਗਏ.ਪਰ ਜਦੋਂ ਉਹਨਾਂ ਨੇ ਮਰਨਾ ਸੀ ਤਾਂ ਇੱਕ ਮਹੀਨਾ ਪਹਿਲਾਂ ਹੀ ਦੱਸ ਗਏ ਸਨ ਕਿ ਮੈਂ ਹੁਣ ਚਲੇ ਜਾਣਾ ਹੈ.ਮੈਂ ਉਹਨਾਂ ਨੂੰ ਹਮੇਸ਼ਾਂ ਪ੍ਰਮਾਤਮਾ ਵਿੱਚ ਲੀਨ ਹੀ ਦੇਖਿਆ ਸੀ.ਪਾਪਾ ਜੀ ਵੀ ਪਿਤਾ ਜੀ ਦੇ ਦੱਸੇ ਅਨੁਸਾਰ ਅਭਿਆਸ ਹੀ ਕਰਦੇ ਹੋਏ ਪੂਰਨਤਾ ਨੂੰ ਪ੍ਰਾਪਤ ਹੋਏ ਸਨ.
        ਕੁਝ ਇਸੇ ਤਰਾਂ ਦਾ ਨਿੱਘ ਮੈਨੂੰ ਸ਼੍ਰੀ ਕਾੰਤ ਆਪਟੇ ਜੀ ਦੀ ਸੰਗਤ ਵਿੱਚ ਰਹਿੰਦੇ ਹੋਏ ਮਹਿਸੂਸ ਹੋਇਆ ਸੀ.ਉਹਨਾਂ ਦੀ ਭਗਵਤ-ਗੀਤਾ ਉੱਤੇ ਚੰਗੀ ਪਕੜ ਸੀ.ਇੱਕ ਸ਼ਲੋਕ ਉੱਤੇ ਹੀ ਲਗਾਤਾਰ ਤਿੰਨ -ਤਿੰਨ ਘੰਟੇ ਬੋਲਦੇ ਸਨ.ਉਹਨਾਂ ਅੰਗ੍ਰੇਜੀ ਰਾਜ ਸਮੇਂ ਭਾਰਤੀ ਸੁਤੰਤਰਤਾ ਸੰਗ੍ਰਾਮ ਵਿੱਚ ਹਿੱਸਾ ਲਿਆ ਸੀ ਅਤੇ ਉਸ ਸਮੇਂ ਦੀਆਂ ਅਕਸਰ ਕਈ ਵਾਰੀ ਗੱਲਾਂ ਦਸਦੇ ਸਨ.ਜਦੋਂ ਕਿਤੇ ਉਹਨਾਂ ਦਾ ਆਪਣਾ ਮੂਡ ਹੁੰਦਾ ਸੀ ਤਾਂ ਅਧਿਆਤਮਕ ਗੱਲਾਂ ਬਾਰੇ ਵੀ ਚਾਨਣਾ ਪਾਉਂਦੇ ਸਨ .ਉਹਨਾਂ ਦੀਆਂ ਗੱਲਾਂ ਤੋਂ ਪਤਾ ਲਗਦਾ ਸੀ ਕਿ ਉਹ ਵੀ ਕਾਫੀ ਪਹੁੰਚੇ ਹੋਏ ਮਹਾਤਮਾ ਸਨ .ਉਹ ਇੱਕਲੇ ਰਹਿੰਦੇ ਸਨ .ਮੈਂ ਅਕਸਰ ਉਹਨਾਂ ਕੋਲ ਜਾ ਕੇ ਗੱਲ ਬਾਤ ਕਰਕੇ ਸਕੂਨ ਪ੍ਰਾਪਤ ਹੁੰਦਾ ਸੀ.
             ਇਹਨਾਂ ਸਾਰਿਆਂ ਦੇ ਜਾਣ ਤੋਂ ਬਾਅਦ ਕਦੇ ਵੀ ਮੈਨੂੰ ਹਾਲੇ ਤੱਕ ਏਦਾਂ ਦਾ ਕੋਈ ਦੋਸਤ ਮਿੱਤਰ ਜਾਂ ਕੋਈ ਹੋਰ ਨਹੀਂ ਮਿਲਿਆ ਜਿਸ ਕੋਲ ਬੈਠਕੇ ਆਪਣੇ ਸ਼ੰਕੇ ਨਿਵਰਤ ਕਰਵਾ ਸਕਾਂ .ਮਨ ਵਿੱਚ ਬਹੁਤ ਸਾਰੇ ਸਵਾਲ ਹੁੰਦੇ ਹਨ ਪਰ ਜ਼ਿਆਦਾਤਰ ਲੋਕ  ਜਵਾਬ ਦੇਣ ਦੀ ਥਾਂ ਕਹਾਣੀਆਂ ਸੁਨਾਉਣ ਲੱਗ ਪੈਂਦੇ ਹਨ.ਲੋਕ ਬਹੁਤ ਕੁਝ ਜਾਣਨ ਦਾ ਢੋੰਗ ਤਾਂ ਕਰਦੇ ਹਨ ਪਰ ਪੱਲੇ ਕੁਝ ਨਹੀਂ ਹੁੰਦਾ .ਪਿਤਾ ਜੀ ਸਹੀ ਹੀ ਆਖਦੇ ਸਨ ਕਿ ਜਦੋਂ ਤਕ ਮਨ ਦੀ ਸੰਤੁਸ਼ਟੀ ਨਾ ਹੋਵੇ ਸਵਾਲ ਪੁੱਛਦੇ ਰਹੋ.ਸਾਡੇ ਸਵਾਲਾਂ ਤੋਂ ਹੀ ਪਤਾ ਲਗਦਾ ਹੈ ਕਿ ਅਸੀਂ ਕਿਸੇ ਚੀਜ਼ ਦੀ ਕਿੰਨੀ ਕੁ ਇੱਛਾ ਰਖਦੇ ਹਾਂ.
0 comments:

Post a Comment